‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਸਖਤ ਨਿਯਮ ਲਾਗੂ ਕਰ ਰਹੀਆਂ ਹਨ ਤਾਂ ਜੋ ਇਸ ਮਹਾਂਮਾਰੀ ‘ਤੇ ਕਾਬੂ ਪਾਇਆ ਜਾ ਸਕੇ, ਪਰ ਫਿਰ ਵੀ ਕਈ ਸੂਬਿਆਂ ਵਿੱਚ ਇਨ੍ਹਾਂ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਹੋ ਰਿਹਾ। ਕਿਧਰੇ ਕੋਈ ਮਾਸਕ ਨਾ ਪਾਉਂਦਾ ਫੜਿਆ ਜਾ ਰਿਹਾ ਹੈ ਤਾਂ ਕਿਤੇ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਸੂਬਿਆਂ ਵਿੱਚ ਚੋਣਾਂ ਹੋਣ ਵਾਲੀਆਂ ਹਨ, ਉੱਥੇ ਸਿਆਸੀ ਲੀਡਰਾਂ ਵੱਲੋਂ ਚੋਣ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਸਰਕਾਰਾਂ ਵੱਲੋਂ ਕੋਰੋਨਾ ਨੂੰ ਲੈ ਕੇ ਲਾਈਆਂ ਜਾ ਰਹੀਆਂ ਪਾਬੰਦੀਆਂ ਦੇ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਹੈ ਕਿ ‘ਕੋਰੋਨਾ ਸਰਕਾਰ ਦਾ ਆਗਿਆਕਾਰੀ ਪੁੱਤਰ ਹੈ, ਜਿਹੜੇ ਸੂਬੇ ਵਿੱਚ ਸਰਕਾਰ ਚਾਹੰਦੀ ਹੈ, ਉੱਥੇ ਹੀ ਜਾਂਦਾ ਹੈ। ਸਰਕਾਰ ਆਪਣਾ ਕੰਮ ਕਰ ਰਹੀ ਹੈ ਅਤੇ ਅਸੀਂ ਆਪਣਾ ਕਰ ਰਹੇ ਹਾਂ’।
ਜਥੇਦਾਰ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਬੰਗਾਲ ਸਮੇਤ ਵੱਖ-ਵੱਖ ਚੋਣਾਂ ਵਾਲੇ ਸੂਬਿਆਂ ਵਿੱਚ ਸਿਆਸੀ ਰੈਲੀਆਂ ਵਿੱਚ ਵੱਡੇ ਇੱਕਠ ਕੀਤੇ ਜਾ ਰਹੇ ਹਨ ਪਰ ਉੱਥੇ ਕੋਰੋਨਾ ਨਹੀਂ ਪਹੁੰਚ ਰਿਹਾ। ਜਾਪ ਰਿਹਾ ਹੈ ਕਿ ਚੋਣਾਂ ਵਾਲੇ ਸੂਬਿਆਂ ਤੋਂ ਕਰੋਨਾ ਨੇ ਦੂਰੀ ਬਣਾਈ ਹੋਈ ਹੈ’। ਸਰਕਾਰ ਨੇ ਹੋਲਾ ਮਹੱਲੇ ਮੌਕੇ ਪਹੁੰਚਣ ਵਾਲੀ ਸੰਗਤ ਲਈ ਕੋਰੋਨਾ ਟੈਸਟ ਜ਼ਰੂਰੀ ਕੀਤੇ ਹਨ। ਇਸ ‘ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤਾਂ ਦੀ ਅਥਾਹ ਸ਼ਰਧਾ ਉੱਤੇ ਕਿਸੇ ਰੋਗ ਦਾ ਅਸਰ ਨਹੀਂ। ਜਥੇਦਾਰ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਵੱਲੋਂ ਕੋਰੋਨਾ ਦੇ ਡਰ ਕਾਰਨ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਨ ਦੇ ਫੈਸਲੇ ਉੱਤੇ ਵੀ ਕਈ ਸਵਾਲ ਖੜ੍ਹੇ ਕੀਤੇ ਸਨ।