‘ਦ ਖਾਲਸ ਬਿਊਰੋ:- ਸ੍ਰੀ ਅਕਾਲ ਤਖ਼ਤ ਸਾਹਿਬ ਨੇ ਯੂ.ਪੀ. ਦੀ ਇਕ ਤੰਬਾਕੂ ਕੰਪਨੀ ਵੱਲੋਂ ਤੰਬਾਕੂ ਵਾਲੇ ਡੱਬੇ ਉੱਤੇ ਭਗਤ ਰਵੀਦਾਸ ਜੀ ਦੀ ਤਸਵੀਰ ਛਾਪਣ ‘ਤੇ ਐਸਜੀਪੀਸੀ ਨੂੰ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਯੂਪੀ ਦੀ ਬਾਬਾ ਗਲੋਬਲ ਲਿਮਟਿਡ ਅਤੇ ਜੇ.ਪੀ ਬ੍ਰਦਰਜ਼ ਨਾਮ ਦੀ ਤੰਬਾਕੂ ਵੇਚਣ ਕੰਪਨੀ ਵੱਲੋਂ ਕੀਤੀ ਗਈ ਇਸ ਹਰਕਤ ਦਾ ਮਸਲਾ ਬਹੁਤ ਸੰਵੇਦਨਸ਼ੀਲ ਹੈ, ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਤੰਬਾਕੂ ਕੰਪਨੀ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਕੰਪਨੀ ਅਜਿਹੀ ਘਟੀਆ ਹਰਕਤ ਨਾ ਕਰੇ। ਕੰਪਨੀ ਦੀ ਇਸ ਹਰਕਤ ਖਿਲਾਫ ਰਵੀਦਾਸ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਭਗਤ ਰਵਿਦਾਸ ਜੀ ਦੀ ਪਵਿੱਤਰ ਬਾਣੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।