ਬਿਉਰੋ ਰਿਪੋਰਟ : ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਦੀ ਟਾਰਗੇਟ ਕਿਲਿੰਗ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਗੈਂਗਸਟਰਾਂ ਦੀ ਨਵੀਂ ਬਿਮਾਰੀ ਆ ਗਈ ਹੈ । ਸੂਬੇ ਦੇ ਹਰ ਸ਼ਹਿਰ ਵਿੱਚ ਟਾਰਗੇਟ ਕਿਲਿੰਗ ਹੋ ਰਹੀ ਹੈ। ਇਸ ਤੋਂ ਵੀ ਗੰਭੀਰ ਗੱਲ ਇਹ ਕਿ ਹੁਣ ਗੈਂਗਸਟਰਾਂ ਨੂੰ ਵੱਖ-ਵੱਖ ਮੁਲਕਾਂ ਦੀਆਂ ਖੁਫਿਆ ਏਜੰਸੀਆਂ ਆਪਣੇ ਮਨੋਹਥ ਨੂੰ ਪੂਰਾ ਕਰਨ ਦੇ ਲਈ ਟਾਰਗੇਟ ਕਿਲਿੰਗ ਦੇ ਲਈ ਵਰਤ ਰਹੀਆਂ ਹਨ । ਇਸੇ ਲਈ ਦੂਜੇ ਮੁਲਕਾਂ ਵਿੱਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾ ਵਧੀਆਂ ਹਨ । ਉਹ ਭਾਵੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ, ਰਿਪੂਦਮਨ ਸਿੰਘ ਮਲਿਕ ਜਾਂ ਫਿਰ ਪਾਕਿਸਤਾਨ ਦੇ ਅਦੰਰ ਪੰਰਮਜੀਤ ਸਿੰਘ ਪੰਜਵੜ ਦੇ ਕਤਲ ਦਾ ਮਾਮਲਾ ਹੋਏ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਹ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੇ ਖਿਲਾਫ ਵੱਖਵਾਦੀ ਅਤੇ ਅੱਤਵਾਦੀ ਹੋਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਇਸ ਬਿਰਤਾਂਤ ਨੂੰ ਕਿਧਰੇ ਨਾ ਕਿਧਰੇ ਸਰਕਾਰੀ ਸਰਪਰਸਤੀ ਵੀ ਹੈ । ਜਦੋਂ ਸਿੱਖਾਂ ਦੇ ਖਿਲਾਫ ਅਜਿਹਾ ਨੈਰੇਟਿਵ ਸਿਰਜਿਆ ਜਾਂਦਾ ਹੈ ਤਾਂ ਟਾਰਗੇਟ ਕਿਲਿੰਗ ਨੂੰ ਜਾਇਜ ਠਹਿਰਾਇਆ ਜਾਂਦਾ ਹੈ । ਜਥੇਦਾਰ ਸਾਹਿਬ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਇਸ ਨੂੰ ਠੱਲ ਪੈਣੀ ਚਾਹੀਦੀ ਹੈ,ਸਿੱਖਾਂ ਦਾ ਦੇਸ਼ ਅਤੇ ਵਿਸ਼ਵ ਦੀ ਸ਼ਾਂਤੀ ਵਿੱਚ ਵੱਡਾ ਯੋਗਦਾਨ ਹੈ।
‘ਨਸਲਕੁਸ਼ੀ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ’
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਤੁਸੀਂ ਟਾਰਗੇਟ ਕਿਲਿੰਗ ਜ਼ਰੀਏ ਸਿੱਖਾਂ ਨੂੰ ਟਾਰਗੇਟ ਕਰ ਰਹੇ ਹੋ ਪਰ ਸਿੱਖਾਂ ਖਿਲਾਫ ਨਸਲਕੁਸ਼ੀ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਹੈ,ਅਦਾਲਤਾਂ ਉਨ੍ਹਾਂ ਨੂੰ ਬਰੀ ਕਰ ਰਹੀਆਂ ਹਨ । ਉਹ ਆਪਣੇ ਪਰਿਵਾਰਾਂ ਨਾਲ ਅਜ਼ਾਦ ਹਨ ਅਤੇ ਸਿੱਖਾਂ ਨੂੰ ਮੂੰਹ ਚਿੜਾ ਰਹੇ ਹਨ। ਇਸ ਤੋਂ ਵਿਖਾਇਆ ਜਾ ਰਿਹਾ ਹੈ ਕਿ ਸਿੱਖ ਇਸ ਦੇਸ਼ ਵਿੱਚ ਦੂਜੇ ਨਹੀਂ ਬਲਕਿ ਤੀਜੇ ਦਰਜੇ ਦੇ ਸ਼ਹਿਰੀ ਹਨ । ਇੱਕ ਪਾਸੇ ਸਿੱਖਾਂ ਦੀਆਂ ਟਾਰਗੇਟ ਕਿਲਿੰਗ ਅਤੇ ਦੂਜੇ ਪਾਸੇ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਆਜ਼ਾਦ ਕਰਨਾ ਇਹ ਕਿਧਰੇ ਨਾ ਕਿਧਰੇ ਸਾਡੇ ਅੰਦਰ ਡਰ ਪੈਦਾ ਕਰ ਰਿਹਾ ਹੈ। ਜਥੇਦਾਰ ਤਖ਼ਤ ਦਮਦਮਾ ਸਾਹਿਬ ਨੇ ਕਿਹਾ ਕਰਣੀ ਸੈਨਾ ਦੇ ਪ੍ਰਧਾਨ ਗੋਗਾਮੇੜੀ ਦਾ ਕਤਲ ਵੀ ਸੋਚੀ ਸਮਝੀ ਸਾਜਿਸ਼ ਦਾ ਹੀ ਨਤੀਜਾ ਹੈ । ਕਤਲ ਕਿਸੇ ਵੀ ਧਰਮ ਦੇ ਸ਼ਖਸ ਦਾ ਹੋਏ ਇਹ ਘਿਨੌਣਾ ਕੰਮ ਹੈ ਇਸ ‘ਤੇ ਠੱਲ ਪੈਣੀ ਚਾਹੀਦੀ ਹੈ । ਜਥੇਦਾਰ ਹਰਪ੍ਰੀਤ ਸਿੰਘ ਨੇ ਨਸ਼ੇ ਨੂੰ ਲੈਕੇ ਵੀ ਵੱਡਾ ਬਿਆਨ ਦਿੱਤਾ,ਉਨ੍ਹਾਂ ਕਿਹਾ ਧੜਾਧੜ ਨਸ਼ਾ ਵੇਚਿਆ ਜਾ ਰਿਹਾ ਹੈ,ਨਸ਼ੇ ਦੇ ਵਾਪਾਰੀ ਬੇਖੌਫ ਹਨ,ਖੁੱਲ ਕੇ ਨਸ਼ਾ ਵੇਚਿਆ ਜਾ ਰਿਹਾ ਹੈ ਅਤੇ ਖਰੀਦਿਆਂ ਜਾ ਰਿਹਾ ਹੈ,ਸਰਕਾਰਾਂ ਸਿਰਫ ਵੇਖ ਰਹੀਆਂ ਹਨ।
ਬੁੱਧੀਜੀਵਿਆਂ ਦਾ ਇਕੱਠ ਹੋਏ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇੰਨਾਂ ਟਾਰਗੇਟ ਕਿਲਿੰਗ ਦੇ ਖਿਲਾਫ ਪੰਜਾਬ ਦੇ ਬੁੱਧੀਜੀਵੀ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ। ਅਸੀਂ ਵੀ ਤਖ਼ਤ ਦਮਦਮਾ ਸਾਹਿਬ ਵਿੱਚ ਬੁੱਧੀਜੀਵਿਆਂ ਦੇ ਇਕੱਠ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ । ਇਹ ਜਿਹੜੀਆਂ ਨਵੀਆਂ ਚੁਣੌਤੀਆਂ ਸਿੱਖਾਂ ਦੇ ਸਾਹਮਣੇ ਖੜੀਆਂ ਹਨ ਉਸ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਇਸ ‘ਤੇ ਵਿਚਾਰ ਕੀਤਾ ਜਾਣ ਦੀ ਜ਼ਰੂਰਤ ਹੈ ।