ਬਿਊਰੋ ਰਿਪੋਰਟ : ਰਾਘਵ ਚੱਢਾ ਵੱਲੋਂ ਆਪਣੀ ਮੰਗਨੀ ਦੇ 5 ਦਿਨ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ । ਹਾਲਾਂਕਿ ਰਾਘਵ ਚੱਢਾ ਨੇ ਫੋਟੋ ਸ਼ੇਅਰ ਕਰਦੇ ਹੋਏ ਸਿਰਫ ਇਹ ਹੀ ਲਿਖਿਆ ਹੈ ਕਿ ‘ਜਥੇਦਾਰ ਸਾਹਿਬ ਵੱਲੋਂ ਸਗਾਈ ਮੌਕੇ ਮਿਲਿਆ ਅਸ਼ੀਰਵਾਦ ਅਤੇ ਮੌਜੂਦਗੀ ਸਾਡੇ ਲਈ ਬਹੁਤ ਮਾਇਨੇ ਰੱਖ ਦੀ ਹੈ’ । ਰਾਘਵ ਚੱਢਾ ਦੀ ਸਗਾਈ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਦੀ ਮੌਜੂਦਗੀ ਨੇ SGPC ਅਤੇ ਅਕਾਲੀ ਦਲ ਦੋਵਾਂ ਨੂੰ ਹੈਰਾਨ ਅਤੇ ਨਰਾਜ਼ ਕਰ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਰੋਸੋਮੰਦ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਹੁਣ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲਿਆ ਜਾ ਸਕਦਾ ਹੈ । ਹਾਲਾਂਕਿ ਇਸ ਦਾ ਇਸ਼ਾਰਾ ਉਸ ਵੇਲੇ ਹੀ ਮਿਲ ਗਿਆ ਸੀ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਅਗਲੇ ਦਿਨ ਹੀ ਜਥੇਦਾਰ ਸਾਹਿਬ ਦੀ ਰਾਘਵ ਚੱਢਾ ਦੀ ਮੰਗਨੀ ਵਿੱਚ ਮੌਜੂਦਗੀ ਨੂੰ ਲੈਕੇ ਸਵਾਲ ਚੁੱਕੇ ਸਨ । ਉਨ੍ਹਾਂ ਨੇ ਮਰਿਆਦਾ ਦਾ ਹਵਾਲਾ ਦਿੱਤਾ ਸੀ, ਹਾਲਾਂਕਿ ਉਸ ਵੇਲੇ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਸੀ ਕਿ ਇਹ ਵਲਟੋਹਾ ਦਾ ਨਿੱਜੀ ਬਿਆਨ ਹੋ ਸਕਦਾ ਹੈ । ਪਰ ਅੰਦਰ ਖਾਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਥੇਦਾਰ ਹਰਪ੍ਰੀਤ ਸਿੰਘ ਤੋਂ ਰਾਘਵ ਚੱਢਾ ਦੀ ਮੰਗਨੀ ਵਿੱਚ ਜਾਣ ਤੋਂ ਨਰਾਜ਼ ਸੀ । ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ‘ਤੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਫਿਰ ਰਾਘਵ ਚੱਢਾ ਦੀ ਮੰਗਣੀ ‘ਤੇ ਜਾਣ ਦਾ ਫੈਸਲਾ ਕੁਝ ਲੋਕਾਂ ਨੂੰ ਠੀਕ ਨਹੀਂ ਹੋਇਆ । ਸੋਸ਼ਲ ਮੀਡੀਆ ‘ਤੇ ਇਸ ਨੂੰ ਲੈਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਕਾਫੀ ਸਵਾਲ ਵੀ ਉੱਠੇ ਸਨ । ਇਸੇ ਲਈ ਹੁਣ 20 ਮਈ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਸ੍ਰੀ ਅਕਾਲ ਤਖਤ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈਕੇ ਫੈਸਲਾ ਲਿਆ ਜਾ ਸਕਦਾ ਹੈ । ਵੈਸੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਅਹੁਦਾ ਉਨ੍ਹਾਂ ਕੋਲ ਕਾਰਜਕਾਰੀ ਸੀ । SGPC ਕਿਸੇ ਵੀ ਵਿਵਾਦ ਤੋਂ ਬਚਣ ਦੇ ਲਈ ਇੱਕ ਹੋਰ ਫਾਰਮੂਲੇ ‘ਤੇ ਵੀ ਵਿਚਾਰ ਕਰ ਸਕਦੀ ਹੈ ।
ਇਸ ਫਾਰਮੂਲੇ ‘ਤੇ ਵਿਚਾਰ ਕਰ ਸਕਦੀ ਹੈ SGPC
ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਮਿਲ ਕੇ ਫੈਸਲਾ ਲੈਂਦੇ ਹਨ । ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸੁਪਰੀਮ ਹੁੰਦਾ ਹੈ, ਹੋ ਸਕਦਾ ਹੈ SGPC ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੱਕੇ ਤੌਰ ‘ਤੇ ਨਿਯੁਕਤੀ ਦੇ ਬਹਾਨੇ ਕੋਈ ਨਵਾਂ ਨਾਂ ਅੱਗੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦੇਵੇ। ਇਹ ਵੀ ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਲਹਾਲ ਤਖਤ ਦਮਦਮਾ ਸਾਹਿਬ ਦੇ ਜਥੇਦਾਰ ‘ਤੇ ਥੋੜ੍ਹੇ ਸਮੇਂ ਲਈ ਰੱਖਿਆ ਜਾਵੇ ਤਾਂਕਿ ਕੋਈ ਵਿਵਾਦ ਨਾ ਹੋਵੇ ਕਿਉਂਕਿ ਉਨ੍ਹਾਂ ਦੀ ਨਿਯੁਕਤੀ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਲਈ ਹੋਈ ਸੀ । ਹੁਣ ਸਵਾਲ ਉੱਠ ਦਾ ਹੈ ਉਹ ਕਿਹੜਾ ਨਾਂ ਹੈ ਜੋ ਅਗਲੇ ਜਥੇਦਾਰ ਲਈ ਸਾਹਮਣੇ ਆ ਰਿਹਾ ਹੈ । ਇਸ ਨੂੰ ਲੈਕੇ 2 ਤੋਂ 3 ਨਾਂ ਚਰਚਾ ਵਿੱਚ ਹਨ ।
ਇਹ ਹੋ ਸਕਦੇ ਹਨ ਸ੍ਰੀ ਅਕਾਲ ਤਖਤ ਦੇ ਨਵੇਂ ਜਥੇਦਾਰ
ਸ੍ਰੀ ਅਕਾਲ ਤਖਤ ਦੇ ਨਵੇਂ ਜਥੇਦਾਰ ਵੱਜੋਂ ਜਿਹੜੇ ਨਾਂ ਸੁਰੱਖਿਆ ਵਿੱਚ ਹੈ ਉਹ ਹੈ ਕੇਸਗੜ੍ਹ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ,ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਵਾਲੇ ਇਸ ਤੋਂ ਇਲਾਵਾ ਸਾਬਕਾ ਹੈੱਡ ਗ੍ਰੰਥੀ ਗਿਆਨੀ ਮੱਲ ਸਿੰਘ ਦੇ ਸਪੁੱਤਰ ਗਿਆਨੀ ਅਮਰਜੀਤ ਦਾ ਨਾਂ ਵੀ ਸੁਰੱਖਿਆ ਵਿੱਚ ਹੈ । ਹਾਲਾਂਕਿ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਵਾਲੇ ਦਾ ਨਾਂ ਸਭ ਤੋਂ ਅੱਗੇ ਹੈ,ਕਿਉਂਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬਾਨਾਂ ਦੀ ਮੀਟਿੰਗ ਵਿੱਚ ਵੀ ਸ਼ਾਮਲ ਹੁੰਦੇ ਰਹੇ ਹਨ ਅਤੇ ਉਨ੍ਹਾਂ ਨੂੰ ਸਿੱਖ ਮਰਿਆਦਾ ਬਾਰੇ ਜਾਣਕਾਰੀ ਵੀ ਹੈ । ਜਿਵੇਂ ਗਿਆਨੀ ਗੁਰਬਚਨ ਸਿੰਘ,ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਪੂਰਨ ਸਿੰਘ ਨੂੰ ਹੈੱਡ ਗ੍ਰੰਥੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਉਸੇ ਤਰ੍ਹਾਂ ਉਨ੍ਹਾਂ ਵੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ । ਦੂਜੇ ਨੰਬਰ ‘ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ਲਈ ਜਿਹੜਾ ਨਾਂ ਚੱਲ ਰਿਹਾ ਹੈ ਉਹ ਹੈ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ,ਉਨ੍ਹਾਂ ਵੀ ਕਾਫੀ ਸਮੇਂ ਤੋਂ ਜਥੇਦਾਰ ਦੀਆਂ ਸੇਵਾਵਾਂ ਨਿਭਾ ਰਹੇ ਹਨ,ਉਨ੍ਹਾਂ ਦੇ ਨਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਇੱਕ ਦਮ ਸ੍ਰੀ ਅਕਾਲ ਤਖਤ ਸਾਹਿਬ ਲਈ ਅੱਗੇ ਕੀਤਾ ਗਿਆ ਸੀ ਹੋ ਸਕਦਾ ਹੈ ਕੋਈ ਨਵਾਂ ਚਹਿਰਾ ਜਾਂ ਫਿਰ ਵਿਦਵਾਨ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਜ਼ਿੰਮੇਵਾਲੀ ਸੌਂਪੀ ਜਾ ਸਕਦੀ ਹੈ ।