ਅੰਮ੍ਰਿਤਸਰ : SGPC ਨੇ 27 ਅਪ੍ਰੈਲ ਦੇ ਲਈ ਵੱਡਾ ਐਲਾਨ ਕੀਤਾ ਹੈ । ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਹਸਤਾਖਰ ਮੁਹਿੰਮ ਚਲਾਈ ਗਈ ਸੀ। ਹੁਣ ਤੱਕ ਇਸ ਵਿੱਚ 25 ਲੱਖ ਪਰਿਵਾਰਾਂ ਨੇ ਹਸਤਾਖਰ ਕੀਤੇ ਹਨ । ਹੁਣ 27 ਅਪ੍ਰੈਲ ਸ੍ਰੀ ਅਕਾਲ ਤਖਤ ਸਾਹਿਬ ‘ਤੇ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਵਿੱਚ ਪੱਥਕ ਜਥੇਬੰਦੀਆਂ ਸ਼ਾਮਲ ਹੋਣਗੀਆਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਿੱਖ ਜਥੇਬੰਦੀਆਂ ਨਾਲ ਚੰਡੀਗੜ੍ਹ ਰਵਾਨਾ ਹੋਵੇਗਾ ।
ਰਾਜਪਾਲ ਨੂੰ ਮਿਲੇਗਾ ਵਫਦ
ਬੰਦੀ ਸਿੰਘ ਦੀ ਰਿਹਾਈ ਲਈ 27 ਅਪ੍ਰੈਲ ਨੂੰ ਜੱਥਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇਗਾ ਅਤੇ 25 ਲੱਖ ਹਸਤਾਖਰ ਮੁਹਿੰਗ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰੇਗਾ। SGPC ਨੇ ਪਿਛਲੇ ਸਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੁਹਿੰਮ ਸ਼ੁਰੂ ਕੀਤੀ ਸੀ,ਹਰ ਇਤਿਹਾਸਕ ਗੁਰਦੁਆਰੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਫਾਰਮ ਰੱਖੇ ਗਏ ਸਨ,ਸੰਗਤਾਂ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪੰਥਕ ਕਨਵੈਨਸ਼ਨ ਵੀ ਬੁਲਾਈ ਗਈ ਸੀ, ਜਥੇਦਾਰ ਸ੍ਰੀ ਅਕਾਲ ਤਖਤ ਵੱਲੋਂ ਐੱਮਪੀਜ਼ ਅਤੇ ਜਥੇਬੰਦੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਸਰਕਾਰ ਨਾਲ ਮੁਲਾਕਾਤ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੱਲ ਕਰਨ ਪਰ ਆਪਣੀ ਮਤਭੇਦ ਦੀ ਵਜ੍ਹਾ ਕਰਕੇ ਇਹ ਸਿਰੇ ਨਹੀਂ ਚੜ ਸਕਿਆ ਸੀ। ਉਧਰ ਮੁਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੱਖ ਤੋਂ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ।
7 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਮੁਹਾਲੀ ਵਿੱਚ ਸ਼ੁਰੂ ਹੋਇਆ ਸੀ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੋਰਚੇ ਦਾ ਹਿੱਸਾ ਬਣਨ ਦੇ ਲਈ ਪਹੁੰਚੇ ਸਨ ਪਰ ਉਨ੍ਹਾਂ ਦੀ ਕਾਰ ‘ਤੇ ਹਮਲਾ ਹੋ ਗਿਆ ਸੀ,ਜਿਸ ਤੋਂ ਬਾਅਦ ਐੱਸਜੀਪੀਸੀ ਮੋਰਚੇ ਦਾ ਹਿੱਸਾ ਨਹੀਂ ਬਣੀ ਸੀ। 4 ਮਹੀਨੇ ਤੋਂ ਸ਼ਾਂਤੀ ਨਾਲ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੀ ਸਰਕਾਰ ਨਾਲ ਵੀ ਕਈ ਵਾਰ ਗੱਲਬਾਤ ਹੋਈ ਪਰ ਹੁਣ ਤੱਕ ਇਸ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈ ।