‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਡੇਰਾ ਸਿਰਸਾ ‘ਤੇ ਪਾਬੰਦੀ ਲਾਉਣ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਰੱਖਿਆ ਵਧਾਉਣ ਦੇ ਹੁਕਮ ਵੀ ਦਿੱਤੇ ਹਨ। ਜਥੇਦਾਰ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ, ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਵੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੋ ਸਕਦਾ ਹੈ। ਏਜੰਸੀਆਂ ਸ਼ੁਰੂ ਤੋਂ ਹੀ ਸਾਨੂੰ ਟਾਰਗੇਟ ਕਰਦੀਆਂ ਆ ਰਹੀਆਂ ਹਨ ਅਤੇ ਟਾਰਗੇਟ ਕਰ ਰਹੀਆਂ ਹਨ। 47 ਤੋਂ ਬਾਅਦ ਹੀ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾਣ ਲੱਗਾ ਸੀ ਅਤੇ 84 ਤੋਂ ਬਾਅਦ ਥੋੜ੍ਹਾ ਹੋਰ ਜ਼ਿਆਦਾ ਟਾਰਗੇਟ ਕੀਤਾ ਜਾਣ ਲੱਗਾ ਹੈ। ਹਮੇਸ਼ਾ ਹੀ ਘੱਟ ਗਿਣਤੀ ਹੋਣ ਕਰਕੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਜਥੇਦਾਰ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪਿੰਡ ਦੀ ਪੰਚਾਇਤ ਨੂੰ ਕਹਾਂਗੇ ਕਿ ਆਪਣੇ-ਆਪਣੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦਾ ਦਰੁੱਸਤ ਪ੍ਰਬੰਧ ਕੀਤਾ ਜਾਵੇ। ਜਥੇਦਾਰ ਨੇ ਤਾੜਨਾ ਪਾਉਂਦਿਆਂ ਕਿਹਾ ਕਿ ਇੱਕ ਤਾਂ ਅਸੀਂ ਪਿੰਡਾਂ ਵਿੱਚ ਪੰਜ-ਪੰਜ, ਛੇ-ਛੇ ਗੁਰਦੁਆਰਾ ਸਾਹਿਬ ਬਣਾਏ ਹੋਏ ਹਨ ਪਰ ਪ੍ਰਬੰਧ ਸਾਡੇ ਤੋਂ ਹੁੰਦਾ ਨਹੀਂ ਹੈ। ਸ਼੍ਰੋਮਣੀ ਕਮੇਟੀ ਨੇ ਪਿੱਛੇ ਜਿਹੇ ਇੱਕ ਲਹਿਰ ਵੀ ਚਲਾਈ ਸੀ ਕਿ ਇੱਕ ਪਿੰਡ ਇੱਕ ਗੁਰਦੁਆਰਾ।