ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪਾਕਿਸਤਾਨ ’ਚ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣਗੇ। ਜਥੇਦਾਰ ਦੀ ਅਗਵਾਈ ਵਿਚ ਇਕ 14 ਮੈਂਬਰੀ ਜਥਾ ਆਉਂਦੇ ਦਿਨਾਂ ਵਿਚ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਅਟਾਰੀ- ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਜਾਵੇਗਾ।
ਅਕਾਲ ਤਖਤ ਸਕੱਤਰੇਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਇਸ ਜਥੇ ਵਿਚ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਪੰਥਕ ਸ਼ਖਸੀਅਤਾਂ ਤੇ ਵਿਦਵਾਨ ਵੀ ਸ਼ਾਮਿਲ ਹੋਣਗੇ।
ਉਨ੍ਹਾਂ ਦੱਸਿਆ ਕਿ ਆਪਣੀ ਪਾਕਿਸਤਾਨ ਯਾਤਰਾ ਦੌਰਾਨ ਸਿੰਘ ਸਾਹਿਬ ਤੇ ਜਥੇ ਦੇ ਮੈਂਬਰ ਜਿਥੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨਗੇ, ਉੱਥੇ ਪਾਕਿਸਤਾਨ ਵਸਦੇ ਸਿੱਖਾਂ ਨਾਲ ਗੁਰਮਤਿ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਸਿੰਘ ਸਾਹਿਬ ਦੇ ਇਸ ਮਹੀਨੇ ਦੇ ਅਖੀਰ ਜਾਂ ਫਰਵਰੀ ਦੇ ਸ਼ੁਰੂ ਵਿਚ ਪਾਕਿਸਤਾਨ ਗੁਰਧਾਮ ਯਾਤਰਾ ’ਤੇ ਜਾਣ ਦੀ ਸੰਭਾਵਨਾ ਹੈ।