Punjab Religion

ਸ: ਫੌਜਾ ਸਿੰਘ ਹਮੇਸ਼ਾ ਹੀ ਸਾਰਿਆਂ ਲਈ ਪ੍ਰੇਰਣਾਸਰੋਤ ਰਹਿਣਗੇ – ਜਥੇਦਾਰ ਗੜਗੱਜ

ਬਿਊਰੋ ਰਿਪੋਰਟ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇੱਕ ਸਦੀ ਦੇ ਮਹਾਨ ਸਿੱਖ ਦੌੜਾਕ ਸ. ਫੌਜਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਜਲੰਧਰ ਵਿਖੇ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਕਾਮਨਾ ਕੀਤੀ।

ਉਨ੍ਹਾਂ ਕਿਹਾ ਕਿ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਸ਼ਖ਼ਸੀਅਤਾਂ ਨੇ ਗੁਰਬਾਣੀ ਦੇ ਇਨ੍ਹਾਂ ਪਾਵਨ ਬਚਨਾਂ ‘ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ।।’ ਨੂੰ ਹੰਢਾਇਆ ਹੈ। ਸ. ਫੌਜਾ ਸਿੰਘ ਨੇ ਵੀ ਗੁਰਬਾਣੀ ਦੇ ਇਨ੍ਹਾਂ ਪਾਵਨ ਬਚਨਾਂ ਦੀ ਕਮਾਈ ਕੀਤੀ। ਉਹ 114 ਸਾਲ ਤੱਕ ਦੀ ਉਮਰ ਦੇ ਵਿੱਚ ਅਜੇਤੂ ਰਹੇ, ਕਿਉਂਕਿ ਜਿਸ ਦਿਨ ਉਹ ਇਸ ਦੁਨੀਆ ਤੋਂ ਗਏ ਹਨ ਉਸ ਦਿਨ ਵੀ ਉਹ ਚਹਿਲਕਦਮੀ ਕਰ ਰਹੇ ਸਨ। ਉਨ੍ਹਾਂ ਨੇ ਜੀਵਨ ਦੇ ਲਗਭਗ ਆਖਰੀ ਪੜਾਹ ਵਿਚ ਦੌੜ ਸ਼ੁਰੂ ਕੀਤੀ ਅਤੇ ਇਹੋ ਜਿਹੀ ਦੌੜ ਸ਼ੁਰੂ ਕੀਤੀ ਜੋ ਕਦੇ ਨਹੀਂ ਮੁੱਕੀ।

ਉਨ੍ਹਾਂ ਕਿਹਾ ਕਿ ਸ. ਫੌਜਾ ਸਿੰਘ ਨੌਜਵਾਨਾਂ ਅਤੇ ਸਾਡੇ ਸਾਰਿਆਂ ਲਈ ਪ੍ਰੇਰਣਾ ਛੱਡ ਕੇ ਗਏ ਕਿ ਜੇ ਅਸੀਂ ਕੁਦਰਤ ਦੇ ਨਾਮ ਇੱਕ ਮਿੱਕ ਹੋਈਏ, ਆਪਣੀਆਂ ਆਦਤਾਂ ਸੁਧਾਰੀਏ ਤਾਂ ਅਸੀਂ ਬੀਮਾਰੀਆਂ ਤੋਂ ਬਚ ਸਕਦੇ ਹਾਂ ਅਤੇ ਕਦੇ ਬੁੱਢੇ ਵੀ ਨਾ ਹੋਈਏ ਅਤੇ ਵੱਡੇ ਮੁਕਾਮ ਹਾਸਲ ਕਰ ਸਕਦੇ ਹਾਂ। ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਮੈਰਾਥਨ ਦੌੜਾਂ ਵਿੱਚ ਭਾਗ ਲਿਆ ਅਤੇ ਵੱਡੇ ਇਨਾਮ ਹਾਸਲ ਕੀਤੇ। ਸ. ਫੌਜਾ ਸਿੰਘ ਹਮੇਸ਼ਾ ਹੀ ਸਾਰਿਆਂ ਲਈ ਪ੍ਰੇਰਣਾਸਰੋਤ ਰਹਿਣਗੇ।

ਜਥੇਦਾਰ ਗੜਗੱਜ ਨੇ ਕਿਹਾ ਕਿ ਸ: ਫੌਜਾ ਸਿੰਘ ਨੇ ਸਿੱਖ ਪਛਾਣ ਦੇ ਮਾਮਲੇ ਵਿੱਚ ਕਦੇ ਸਮਝੌਤਾ ਨਹੀਂ ਕੀਤਾ। ਇੱਕ ਵਾਰ ਉਨ੍ਹਾਂ ਨੂੰ ਦਸਤਾਰ ਦੇ ਨਾਲ ਦੌੜ ਲਗਾਉਣ ਤੋਂ ਮਨ੍ਹਾਂ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਦੌੜ ਨਹੀਂ ਲਗਾਉਂਦੇ ਪਰ ਦਸਤਾਰ ਤਾਂ ਉਹ ਜ਼ਰੂਰ ਸਜਾਉਣਗੇ। ਫਿਰ ਦਸਤਾਰ ਸਜਾ ਕੇ ਹੀ ਉਨ੍ਹਾਂ ਨੇ ਦੌੜ ਲਗਾਈ ਸੀ। ਉਨ੍ਹਾਂ ਨੇ ਸਿੱਖ ਪਛਾਣ ਨੂੰ ਆਪਣੀ ਦਸਤਾਰ ਤੇ ਸ਼ਖ਼ਸੀਅਤ ਨਾਲ ਪੂਰੇ ਸੰਸਾਰ ਦੇ ਵਿੱਚ ਉਜਾਗਰ ਕੀਤਾ।

ਉਨ੍ਹਾਂ ਕਿਹਾ ਕਿ ਅੱਜ ਦੀ ਜਵਾਨੀ ਨੂੰ ਸ. ਫੌਜਾ ਸਿੰਘ ਤੋਂ ਸੇਧ ਲੈ ਕੇ ਨਸ਼ਿਆਂ ਤੋਂ ਦੂਰ ਰਹਿਣ ਦੀ ਲੋੜ ਹੈ। ਨਸ਼ਾ ਗੁਰਬਾਣੀ ਦਾ, ਚੰਗੇ ਕੰਮਾਂ ਦਾ ਅਤੇ ਪਰਸ਼ਾਦੇ ਦਾ ਹੀ ਰੱਖਣਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਦੀ ਭੈਅ ਭਾਵਨੀ ਦੇ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ ਹੈ। ਪਰਿਵਾਰ ਵੱਲੋਂ ਸ. ਫੌਜਾ ਸਿੰਘ ਨੂੰ ਸਮਰਪਿਤ ਜੋ ਵੀ ਮੰਗਾਂ ਸਰਕਾਰ ਪਾਸੋਂ ਕੀਤੀਆਂ ਗਈਆਂ ਹਨ ਉਹ ਵਾਜਬ ਹਨ, ਉਨ੍ਹਾਂ ਅਨੁਸਾਰ ਕਾਰਜ ਕੀਤੇ ਜਾਣੇ ਚਾਹੀਦੇ ਹਨ।