Punjab Religion

ਮੀਰੀ-ਪੀਰੀ ਦਿਹਾੜੇ ’ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਸੁਨੇਹਾ “ਸ਼ਸਤਰਧਾਰੀ ਹੋਣ ਤੋਂ ਬਿਨਾ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ”

ਬਿਉਰੋ ਰਿਪੋਰਟ: ਪੂਰੀ ਦੁਨੀਆ ਵਿੱਚ ਬੈਠੇ ਸਿੱਖ ਮੀਰੀ-ਪੀਰੀ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ’ਤੇ ਸੀਸ ਝੁਕਾ ਰਹੇ ਹਨ। ਇਸੇ ਦਿਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਸਿੱਖਾਂ ਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੀਰੀ-ਪੀਰੀ ਦੇ ਇਤਿਹਾਸ ਨਾਲ ਜਾਣੂ ਕਰਵਾਉਂਦਆਂ ਸਮੁੱਚੀ ਸਿੱਖ ਕੌਮ ਨੂੰ ਸ਼ਸਤਰ ਧਾਰੀ ਹੋਣ ਦਾ ਵੱਡਾ ਸੁਨੇਹਾ ਦਿੱਤਾ।

ਜਥੇਦਾਰ ਸਾਹਿਬ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਰਾਜ ਭਾਗ ਦੇ ਮਾਲਕ ਬਣਨਾ ਹੈ, ਪਰ ਸ਼ਸਤਰਧਾਰੀ ਹੋਣ ਤੋਂ ਬਿਨਾ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਜੇ ਰਾਜ ਲੈਣਾ ਹੈ ਤਾਂ ਉਸ ਲਈ ਸ਼ਸਤਰਧਾਰੀ ਬਣਨਾ ਪਵੇਗਾ। ਉਨ੍ਹਾਂ ਖ਼ਾਲਸਾ ਪੰਥ ਨੂੰ ਅੰਮ੍ਰਿਤਧਾਰੀ ਹੋਣ ਦੀ ਬੇਨਤੀ ਕੀਤੀ।

ਇਸ ਦੇ ਨਾਲ ਹੀ ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਦੇ ਦਿਨ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਢਾਡੀ ਯੁਗ ਦੀ ਸ਼ੁਰੂਆਤ ਕੀਤੀ। ਹਾਥੀਆਂ ’ਤੇ ਬਿਠਾ ਕੇ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲਿਆਂਦਾ ਗਿਆ।

ਇਸ ਗੱਲ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਢਾਡੀ ਸਿੰਘ, ਕਵੀਸ਼ਰ, ਰਾਗੀ, ਗ੍ਰੰਥੀ, ਪਾਠੀ ਪ੍ਰਚਾਰਕ, ਤੇ ਕਥਾਵਾਚਰ ਸਿੰਘ, ਇਹ ਸਾਰੇ ਸਿੱਖ ਕੌਮ ਦੀਆਂ ਪ੍ਰਚਾਰਕ ਪ੍ਰਣਾਲੀਆਂ ਹਨ। ਇਨ੍ਹਾਂ ਸਾਰਿਆਂ ਨੂੰ ਸਨਮਾਨ ਨਾ ਦੇਣਾ ਤੇ ਇਨ੍ਹਾਂ ਦਾ ਤ੍ਰਿਸਕਾਰ ਕਰਨਾ ਕੌਮ ਲਈ ਘਾਟੇ ਵਾਲਾ ਸੌਦਾ ਹੈ। ਜੋ ਕੌਮ ਪ੍ਰਚਾਰਕਾਂ ਦਾ ਸਤਿਕਾਰ ਨਹੀਂ ਕਰੇਗੀ, ਉਹ ਕੌਮ ਕਦੀ ਤਰੱਕੀ ਨਹੀਂ ਕਰ ਸਕਦੀ।