Manoranjan Punjab

ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ, ਕੱਲ੍ਹ ਮੁਹਾਲੀ ਵਿੱਚ ਹੋਵੇਗਾ ਅੰਤਿਮ ਸੰਸਕਾਰ

ਬਿਊਰੋ ਰਿਪੋਰਟ: ਪੰਜਾਬ ਦੇ ਮਸ਼ਹੂਰ ਕਾਮੇਡੀਅਨ ਡਾ. ਜਸਵਿੰਦਰ ਭੱਲਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ 65 ਸਾਲ ਦੀ ਉਮਰ ਵਿੱਚ ਅੱਜ ਆਖ਼ਰੀ ਸਾਹ ਲਏ। ਉਹ ਲਗਭਗ ਇੱਕ ਮਹੀਨੇ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ (23 ਅਗਸਤ) ਨੂੰ ਮੁਹਾਲੀ ਵਿੱਚ ਕੀਤਾ ਜਾਵੇਗਾ। ਇਸਦੀ ਜਾਣਕਾਰੀ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦਿੱਤੀ।

ਜਸਵਿੰਦਰ ਭੱਲਾ ਦੇ ਕਰੀਬੀ ਦੋਸਤ ਬਾਲ ਮੁਕੁੰਦ ਸ਼ਰਮਾ ਨੇ ਕਿਹਾ ਕਿ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਸਾਡਾ ਚਾਲੀ ਸਾਲ ਪੁਰਾਣਾ ਸਾਥ ਸੀ। ਉਨ੍ਹਾਂ ਨੇ ਮੈਨੂੰ ਭਰਾ ਦਾ ਦਰਜਾ ਦਿੱਤਾ ਸੀ। ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਵੱਖਰੀਆਂ ਮਾਵਾਂ ਤੋਂ ਜੰਮੇ ਹਾਂ। ਉਹ ਪੰਜਾਬੀ ਫਿਲਮ ਇੰਡਸਟਰੀ ਦੇ ਪਿਤਾਮਹ ਸਨ।

ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੌਰਾਹਾ ਵਿੱਚ ਹੋਇਆ ਸੀ। ਉਹ ਪ੍ਰੋਫੈਸਰ ਵੀ ਰਹੇ। ਉਨ੍ਹਾਂ ਨੇ 1988 ਵਿੱਚ ਛਣਕਟਾ 88 ਨਾਲ ਕਾਮੇਡੀਅਨ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਫ਼ਿਲਮ ਦੁੱਲਾ ਭੱਟੀ ਤੋਂ ਐਕਟਰ ਬਣੇ।