ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਗੇਂਦਬਾਜ਼ ਜਸਪ੍ਰੀਤ ਬੁਮਰਾਹ(Jasprit Bumrah,) ਸੱਟ ਕਾਰਨ ਟੀ-20 ਵਿਸ਼ਵ ਕੱਪ(T20 World Cup) ਤੋਂ ਬਾਹਰ ਹੋ ਗਏ ਹਨ। ਨਿਊਜ਼ ਏਜੰਸੀ ਪੀਟੀਆਈ ਨੇ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਬੀਸੀਸੀਆਈ ਦਾ ਅਧਿਕਾਰਤ ਬਿਆਨ ਅਜੇ ਆਉਣਾ ਬਾਕੀ ਹੈ। ਆਸਟ੍ਰੇਲੀਆ ‘ਚ 16 ਅਕਤੂਬਰ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ।
ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਸੀਰੀਜ਼ ‘ਚ ਹੀ ਵਾਪਸੀ ਕੀਤੀ ਸੀ, ਇਸ ਤੋਂ ਪਹਿਲਾਂ ਉਹ ਸੱਟ ਕਾਰਨ ਬਾਹਰ ਹੋ ਗਏ ਸਨ। ਪਰ ਵਾਪਸੀ ਤੋਂ ਬਾਅਦ ਉਹ ਸਿਰਫ ਦੋ ਮੈਚ ਹੀ ਖੇਡ ਸਕਿਆ, ਨਾਲ ਹੀ ਦੱਖਣੀ ਅਫਰੀਕਾ ਖਿਲਾਫ ਪਹਿਲੇ ਮੈਚ ‘ਚ ਵੀ ਉਹ ਪਲੇਇੰਗ-11 ‘ਚ ਨਜ਼ਰ ਨਹੀਂ ਆਇਆ। ਜਸਪ੍ਰੀਤ ਬੁਮਰਾਹ ਸੱਟ ਕਾਰਨ ਏਸ਼ੀਆ ਕੱਪ-2022 ਵਿਚ ਹਿੱਸਾ ਨਹੀਂ ਲੈ ਸਕੇ ਅਤੇ ਭਾਰਤੀ ਟੀਮ ਸੁਪਰ-4 ਪੜਾਅ ਤੋਂ ਹੀ ਬਾਹਰ ਹੋ ਗਈ।
ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਜਸਪ੍ਰੀਤ ਬੁਮਰਾਹ ਦੀ ਸੱਟ ਗੰਭੀਰ ਹੈ ਅਤੇ ਉਹ ਕਰੀਬ 4 ਤੋਂ 6 ਹਫ਼ਤਿਆਂ ਤੱਕ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਹਿ ਸਕਦੇ ਹਨ। ਪੀਟੀਆਈ ਨੇ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਜਸਪ੍ਰੀਤ ਬੁਮਰਾਹ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਪੁਸ਼ਟੀ ਕੀਤੀ ਹੈ।
Jasprit Bumrah out of T20 World Cup with back stress fracture: BCCI sources
— Press Trust of India (@PTI_News) September 29, 2022
ਜਸਪ੍ਰੀਤ ਬੁਮਰਾਹ ਪਿੱਠ ਦੀ ਸਮੱਸਿਆ ਕਾਰਨ ਦੱਖਣੀ ਅਫਰੀਕਾ ਖਿਲਾਫ ਪਹਿਲਾ ਟੀ-20 ਮੈਚ ਵੀ ਨਹੀਂ ਖੇਡ ਸਕੇ। ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਸਮੱਸਿਆ ਜ਼ਿਆਦਾ ਗੰਭੀਰ ਹੈ ਅਤੇ ਫ੍ਰੈਕਚਰ ਵਰਗੀ ਹੋ ਸਕਦੀ ਹੈ, ਜਿਸ ਕਾਰਨ ਜਸਪ੍ਰੀਤ ਬੁਮਰਾਹ ਨੂੰ ਕਰੀਬ 6 ਹਫਤੇ ਕ੍ਰਿਕਟ ਤੋਂ ਦੂਰ ਰਹਿਣਾ ਪੈ ਸਕਦਾ ਹੈ।
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕੇਟ), ਦਿਨੇਸ਼ ਕਾਰਤਿਕ (ਵਿਕੇਟ), ਹਾਰਦਿਕ ਪੰਡਯਾ, ਆਰ. ਅਸ਼ਵਿਨ, ਯੁਜ਼ਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ।
ਸਟੈਂਡਬਾਏ ਖਿਡਾਰੀ: ਮੁਹੰਮਦ ਸ਼ਮੀ, ਸ਼੍ਰੇਅਸ ਅਈਅਰ, ਰਵੀ ਬਿਸ਼ਨੋਈ, ਦੀਪਕ ਚਾਹਰ।
ਸੱਟ ਨੇ ਵਧਾਇਆ ਟੀਮ ਇੰਡੀਆ ਦਾ ਤਣਾਅ!
ਜਦੋਂ ਤੋਂ ਟੀ-20 ਵਿਸ਼ਵ ਕੱਪ ਲਈ ਟੀਮ ਦਾ ਐਲਾਨ ਹੋਇਆ ਹੈ, ਟੀਮ ਇੰਡੀਆ ਦਾ ਤਣਾਅ ਵਧਦਾ ਜਾ ਰਿਹਾ ਹੈ। ਪਹਿਲਾਂ ਰਵਿੰਦਰ ਜਡੇਜਾ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ ਅਤੇ ਉਸ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਫਿਰ ਟੀਮ ‘ਚ ਸ਼ਾਮਲ ਕੀਤੇ ਗਏ ਦੀਪਕ ਹੁੱਡਾ ਵੀ ਹਾਲ ਹੀ ‘ਚ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ ਹੋਣਾ ਪਿਆ ਸੀ ਅਤੇ ਹੁਣ ਜਸਪ੍ਰੀਤ ਬੁਮਰਾਹ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੈ।
ਜਸਪ੍ਰੀਤ ਬੁਮਰਾਹ ਦੀ ਥਾਂ ਕੌਣ ਲਵੇਗਾ?
ਜਸਪ੍ਰੀਤ ਬੁਮਰਾਹ ਦਾ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣਾ ਭਾਰਤ ਲਈ ਵੱਡਾ ਝਟਕਾ ਹੈ। ਅਜਿਹੇ ‘ਚ ਹੁਣ ਸਵਾਲ ਇਹ ਉੱਠਦਾ ਹੈ ਕਿ ਉਸ ਦੀ ਜਗ੍ਹਾ ਟੀਮ ‘ਚ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ। ਫਿਲਹਾਲ ਦੀਪਕ ਚਾਹਰ ਅਤੇ ਮੁਹੰਮਦ ਸ਼ਮੀ ਸਟੈਂਡਬਾਏ ਖਿਡਾਰੀਆਂ ਦਾ ਹਿੱਸਾ ਹਨ, ਇਸ ਲਈ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਮੁੱਖ ਟੀਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਆਈਸੀਸੀ ਦੇ ਨਿਯਮਾਂ ਮੁਤਾਬਕ 15 ਅਕਤੂਬਰ ਤੱਕ ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੀ ਮੁੱਖ ਟੀਮ ਵਿੱਚ ਬਦਲਾਅ ਕਰ ਸਕਦੀ ਹੈ।