California : ਬੇਕਰਜ਼ਫੀਲਡ ਦੀ ਡਾਕਟਰ ਜਸਮੀਤ ਕੌਰ ਬੈਂਸ ਕੈਲੀਫੋਰਨੀਆ ਅਸੈਂਬਲੀ ਲਈ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਸਿੱਖ ਔਰਤ ਬਣ ਗਈ ਹੈ। ਕੇਰਨ ਕਾਊਂਟੀ ਵਿੱਚ 35ਵੇਂ ਅਸੈਂਬਲੀ ਜ਼ਿਲ੍ਹੇ ਲਈ ਡੈਮੋਕਰੈਟ ਬਨਾਮ ਡੈਮੋਕਰੈਟ ਦੀ ਦੌੜ ਵਿੱਚ ਬੈਂਸ ਨੇ ਆਪਣੀ ਵਿਰੋਧੀ ਲੈਟੀਸੀਆ ਪੇਰੇਜ਼ ਨੂੰ ਹਰਾਇਆ।
ਚੋਣ ਨਤੀਜਿਆਂ ਅਨੁਸਾਰ ਬੈਂਸ ਨੇ ਬੁੱਧਵਾਰ ਨੂੰ 10,827 (58.9 ਫੀਸਦੀ) ਅਤੇ ਪੇਰੇਜ਼ ਨੇ 7,555 (41.1 ਫੀਸਦੀ) ਵੋਟਾਂ ਹਾਸਲ ਕੀਤੀਆਂ। ਜ਼ਿਕਰਯੋਗ ਹੈ ਕਿ ਬੈਂਸ ਬੇਕਰਜ਼ਫੀਲਡ ਰਿਕਵਰੀ ਸਰਵਿਸਿਜ਼ ਵਿੱਚ ਮੈਡੀਕਲ ਡਾਇਰੈਕਟਰ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਉਸ ਨੇ ਸਿਹਤ ਸੰਭਾਲ, ਬੇਘਰਾਂ ਨੂੰ ਘਰ ਦੇਣ, ਪਾਣੀ ਨਾਲ ਸਬੰਧਤ ਬੁਨਿਆਦੀ ਢਾਂਚਿਆਂ ਅਤੇ ਹਵਾ ਦੀ ਗੁਣਵੱਤਾ ਸੁਧਾਰਨ ਵਰਗੇ ਮੁੱਦੇ ਚੁੱਕੇ ਸਨ।
ਇਸ ਦੌਰਾਨ ਉਸ ਨੇ ਕਿਹਾ ਕਿ ਉਹ ਜਿੱਤ ਤੋਂ ਉਤਸ਼ਾਹਿਤ ਹੈ। ਉਸ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਦੇਸ਼ ਵਿੱਚ ਸਹੀ ਕਾਨੂੰਨ ਬਣਨ ਅਤੇ ਇਸੇ ਕਰਕੇ ਉਹ ਡਾਕਟਰੀ ਪੇਸ਼ੇ ਦੇ ਨਾਲ ਸਿਆਸਤ ਵਿੱਚ ਆਈ ਹੈ। ਡਾਕਟਰ ਬਣਨ ਤੋਂ ਪਹਿਲਾਂ ਉਹ ਆਪਣੇ ਪਿਤਾ ਨਾਲ ਆਟੋ ਮਕੈਨਿਕ ਅਤੇ ਕਾਰ ਡੀਲਰਸ਼ਿਪ ਦੇ ਕੰਮ ਵਿੱਚ ਵੀ ਹੱਥ ਵਟਾਉਂਦੀ ਰਹੀ ਹੈ।
ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਜਸਮੀਤ ਕੌਰ ਬੈਂਸ ਨੇ ਇੱਕ ਸੰਦੇਸ਼ ਵਿੱਚ ਲਿਖਿਆ, “ਇਹ ਇੱਕ ਰੋਮਾਂਚਕ ਰਾਤ ਹੈ, ਮੈਂ ਸ਼ੁਰੂਆਤੀ ਭਾਵਨਾਵਾਂ ਤੋਂ ਉਤਸ਼ਾਹਿਤ ਹਾਂ ਅਤੇ ਉਨ੍ਹਾਂ ਦੇ ਸਮਰਥਨ ਲਈ ਕੇਰਨ ਕਾਉਂਟੀ ਵਿੱਚ ਲੋਕਾਂ ਦੀ ਧੰਨਵਾਦੀ ਹਾਂ।” ਉਸਦਾ ਹਲਕਾ ਅਰਵਿਨ ਜ਼ਿਲ੍ਹੇ ਤੋਂ ਡੇਲਾਨੋ ਤੱਕ ਫੈਲਿਆ ਹੋਇਆ ਹੈ। ਇਹ ਈਸਟ ਬੇਕਰਸਫੀਲਡ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕਰਦਾ ਹੈ।
ਉਹ ਕੈਲੀਫੋਰਨੀਆ ਅਕੈਡਮੀ ਆਫ ਫੈਮਿਲੀ ਫਿਜ਼ੀਸ਼ੀਅਨਜ਼ ਵੱਲੋਂ 2010 ਦੇ ਹੀਰੋ ਆਫ ਫੈਮਿਲੀ ਮੈਡੀਸਨ ਅਤੇ ਗ੍ਰੇਟਰ ਬੇਕਰਜ਼ਫੀਲਡ ਚੈਂਬਰ ਆਫ ਕਾਮਰਸ ਵੱਲੋਂ 2021 ਬਿਊਟੀਫੁਲ ਬੇਕਰਜ਼ਫੀਲਡ ਐਵਾਰਡ ਨਾਲ ਸਨਮਾਨੀ ਜਾ ਚੁੱਕੀ ਹੈ। ਡਾ. ਜਸਮੀਤ ਕੌਰ ਬੈਂਸ ਦਾ ਅਸੈਂਬਲੀ ਮੈਂਬਰ ਦੀ ਚੋਣ ਜਿੱਤਣਾ ਪੰਜਾਬੀਆਂ ਲਈ ਆਉਣ ਵਾਲੇ ਸਮੇਂ ’ਚ ਅਮਰੀਕੀ ਸਿਆਸਤ ਦੇ ਅਖਾੜੇ ਲਈ ਰਾਹ ਖੁੱਲ ਸਕਦਾ ਹੈ।