Punjab

ਵਿਆਹ ‘ਚ ਸ਼ਗਨ,ਮਹਿਮਾਨ ਦੀ ਗਿਣਤੀ,ਖਾਣੇ ਦੀ ਡਿਸ਼ ਸਭ ਕੁਝ ਤੈਅ ਕਰੇਗੀ ਸਰਕਾਰ’!

ਬਿਉਰੋ ਰਿਪੋਰਟ :  ਖਡੂਰ ਸਾਹਿਬ ਲੋਕ-ਸਭਾ ਹਲਕੇ ਤੋਂ ਕਾਂਗਰਸ ਦੇ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਪਾਰਲੀਮੈਂਟ ਵਿੱਚ ਇੱਕ ਅਹਿਮ ਪ੍ਰਾਈਵੇਟ ਬਿੱਲ ਪੇਸ਼ ਕੀਤਾ ਹੈ। ਜਿਸ ਵਿੱਚ ਵਿਆਹਾਂ ‘ਤੇ ਹੋ ਰਹੀ ਫ਼ਜ਼ੂਲ ਖ਼ਰਚੀ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਦੇ ਲਈ ਕਾਨੂੰਨ ਪਾਸ ਕਰਨ ਦੀ ਮੰਗ ਕੀਤੀ ਗਈ ਹੈ । ਇਸ ਬਿੱਲ ਦਾ ਨਾਂ ਹੈ ‘ਫ਼ਜ਼ੂਲ ਖ਼ਰਚਿਆਂ ‘ਤੇ ਰੋਕਥਾਮ ਬਿੱਲ’। ਬਿੱਲ ਵਿੱਚ ਕਿਹਾ ਗਿਆ ਹੈ ਕਿ ਕਿਸੇ ਸਮਾਗਮ ਵਿੱਚ 10 ਤੋਂ ਜ਼ਿਆਦਾ ਭੋਜਨ ਨਹੀਂ ਹੋਣੇ ਚਾਹੀਦੇ ਹਨ । ਇਸ ਤੋਂ ਇਲਾਵਾ 2500 ਤੋਂ ਵੱਧ ਸ਼ਗਨ ਅਤੇ ਨਾ ਹੀ ਤੋਹਫ਼ੇ ਦਿੱਤੇ ਜਾਣ । ਬਿੱਲ ਵਿੱਚ ਇਹ ਸਿਫ਼ਾਰਿਸ਼ ਕੀਤੀ ਗਈ ਹੈ ਕਿ ਮਹਿਮਾਨ ਦੀ ਹੱਦ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਕੁੜੀ ਵਾਲਿਆਂ ‘ਤੇ ਬੋਝ ਨਾ ਪਏ ।

The Prevention of Wasteful Expenditure on Special Occasions Bill 2020 ਨੂੰ ਪੇਸ਼ ਕਰਦੇ ਹੋਏ ਕਾਂਗਰਸ ਦੇ ਐੱਮ ਪੀ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਉਹ 2019 ਵਿੱਚ ਫਗਵਾੜਾ ਇੱਕ ਵਿਆਹ ਸਮਾਗਮ ਵਿੱਚ ਉਹ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਬਿੱਲ ਲਿਆਉਣ ਦਾ ਫ਼ੈਸਲਾ ਲਿਆ ਸੀ । ਉਨ੍ਹਾਂ ਦੱਸਿਆ ਕਿ ਵਿਆਹ ਵਿੱਚ ਤਕਰੀਬਨ 285 ਟ੍ਰੇਅ ਵਿੱਚ ਵੱਖ-ਵੱਖ ਖਾਣੇ ਸਨ । ਮੈਂ ਵੇਖਿਆ 129 ਟ੍ਰੇਅ ਅਜਿਹੀਆਂ ਸਨ ਜਿਸ ਵਿੱਚ ਕਿਸੇ ਨੇ ਇੱਕ ਚਮਚਾ ਭਰ ਕੇ ਵੀ ਨਹੀਂ ਖਾਂਦਾ । ਇਹ ਸਾਰਾ ਖਾਣਾ ਬਰਬਾਦ ਕੀਤਾ ਗਿਆ । ਡਿੰਪਾ ਨੇ ਕਿਹਾ ਇਸ ਬਿੱਲ ਦੇ ਜ਼ਰੀਏ ਮੇਰੀ ਮੰਗ ਹੈ ਕਿ ਵਿਆਹ ਕਰਨ ਵਾਲੇ ਦੋਵੇਂ ਪਰਿਵਾਰਾਂ ਨੂੰ ਮਿਲਾਕੇ 100 ਤੋਂ ਵੱਧ ਮੈਂਬਰ ਨਹੀਂ ਹੋਣੇ ਚਾਹੀਦੇ ਹਨ । ਇਸ ਤੋਂ ਇਲਾਵਾ ਵਿਆਹ ਵਿੱਚ ਮਹਿਮਾਨਾਂ ਸਾਹਮਣੇ 10 ਤੋਂ ਵੱਧ ਡਿਸ਼ ਨਹੀਂ ਹੋਣੀਆਂ ਚਾਹੀਦੀਆਂ ਹਨ ਅਤੇ ਸ਼ਗਨ ਦੇ ਢਾਈ ਹਜ਼ਾਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ । ਬਿੱਲ ਵਿੱਚ ਡਿੰਪਾ ਨੇ ਇਹ ਵੀ ਸਿਫ਼ਾਰਿਸ਼ ਕੀਤੀ ਹੈ ਕਿ ਵਿਆਹ ਵਿੱਚ ਆਉਣ ਵਾਲੇ ਗਿਫ਼ਟ ਅਤੇ ਸ਼ਗਨ ਨੂੰ ਗ਼ਰੀਬਾਂ ਅਤੇ ਯਤੀਮ ਖ਼ਾਨਿਆਂ ਜਾਂ ਫਿਰ ਕਿਸੇ NGO ਨੂੰ ਦਿੱਤਾ ਜਾਵੇ ਤਾਂਕਿ ਲੋਕਾਂ ਦੀ ਭਲਾਈ ਦੇ ਕੰਮ ਵਿੱਚ ਵਰਤਿਆ ਜਾ ਸਕੇ। ਖਡੂਰ ਸਾਹਿਬ ਤੋਂ ਲੋਕ-ਸਭਾ ਐੱਮ ਪੀ ਜਸਬੀਰ ਸਿੰਘ ਡਿੰਪਾ ਨੇ ਕਿਹਾ ਮੈਂ ਸ਼ੁਰੂਆਤ ਆਪਣੇ ਘਰ ਤੋਂ ਕੀਤੀ ਹੈ । ਇਸੇ ਸਾਲ ਮੇਰੀ ਧੀ ਅਤੇ ਪੁੱਤਰ ਦੇ ਵਿਆਹ ਵਿੱਚ ਸਿਰਫ਼ 30 ਤੋਂ 40 ਮਹਿਮਾਨ ਹੀ ਆਏ ਸਨ ।

‘ਕੁੜੀ ਮਾਰ ਦੇ ਦਾਗ਼ ਲਈ ਜ਼ਿੰਮੇਵਾਰ’

ਐੱਮ ਪੀ ਜਸਬੀਰ ਸਿੰਘ ਡਿੰਪਾ ਨੇ ਕਿਹਾ ਵਿਆਹ ਵਿੱਚ ਵੱਧ ਖ਼ਰਚ ਕਰਨ ਦਾ ਸਾਰਾ ਬੋਝ ਕੁੜੀ ਵਾਲਿਆਂ ਦੇ ਸਿਰ ‘ਤੇ ਪੈਂਦਾ ਹੈ। ਮੁੰਡੇ ਵਾਲਿਆਂ ਦੀ ਮੰਗ ‘ਤੇ ਕੁੜੀ ਦਾ ਪਿਉ ਆਪਣੀ ਜ਼ਮੀਨ ਵੇਚ ਦਿੰਦਾ ਹੈ ਬੈਂਕਾਂ ਤੋਂ ਲੋਨ ਲੈਂਦੇ ਹਨ ਸਿਰਫ਼ ਵਿਆਹ ‘ਤੇ ਫ਼ਜ਼ੂਲ ਖ਼ਰਚੀ ਕਰਨ ਦੇ ਲਈ ਤਾਂਕਿ ਉਸ ਦਾ ਸਮਾਜ ਵਿੱਚ ਰੁਤਬਾ ਉੱਚਾ ਰਹੇ ਅਤੇ ਮੁੰਡੇ ਵਾਲੇ ਕੋਈ ਸ਼ਿਕਾਇਤ ਨਾ ਕਰਨ । ਇਸੇ ਵਜ੍ਹਾ ਨਾਲ ਪੰਜਾਬ ਦੇ ਮੱਥੇ ‘ਤੇ ਕੁੜੀ ਮਾਰ ਦਾ ਦਾਗ਼ ਲੱਗਿਆ ਸੀ । ਲੋਕਾਂ ਨੇ ਕੁੜੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ । ਪੰਜਾਬ ਵਿੱਚ ਕੁੜੀਆਂ ਦੀ ਗਿਣਤੀ ਪੂਰੇ ਦੇਸ਼ ਵਿੱਚ ਸਭ ਤੋਂ ਘੱਟ ਹੋ ਗਈ ਸੀ ।

ਡਿੰਪਾ ਨੇ ਲੋਕ-ਸਭਾ ਵਿੱਚ ਬਿੱਲ ਪੇਸ਼ ਕਰਨ ਵੇਲੇ ਦੱਸਿਆ ਕਿ ਵਿਆਹ ‘ਤੇ ਪੈਸਾ ਖ਼ਰਚ ਕਰਨਾ ਸਟੇਟਸ ਸਿੰਬਲ ਬਣ ਗਿਆ ਹੈ ਅਤੇ ਲੋਕ ਮਹਿਮਾਨਾਂ ਦੀ ਲੰਮੀ-ਲੰਮੀ ਲਿਸਟ ਤਿਆਰ ਕਰਦੇ ਹਨ ਫਿਰ ਮਹਿੰਗੇ ਆਲੀਸ਼ਾਨ ਕਾਰਡ ਬਣਾਏ ਜਾਂਦੇ ਹਨ। ਵਿਆਹ ਤੋਂ ਬਾਅਦ ਮਹਿਮਾਨਾਂ ਨੂੰ ਗਿਫ਼ਟ ਵੰਡਣ ਦਾ ਰਿਵਾਜ ਵੀ ਸ਼ੁਰੂ ਹੋ ਗਿਆ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਵਿਆਹ ਸਮਾਗਮਾਂ ‘ਤੇ ਵਸੂਲ ਖ਼ਰਚ ਕਰਨ ਦੇ ਲਈ ਖਾਣੇ ਦੀ ਵੱਖ-ਵੱਖ ਆਈਟਮਾਂ ਦੀ ਲਿਸਟ ਤਿਆਰ ਹੁੰਦੀ ਹੈ,ਸਜਾਵਟ ਅਤੇ ਬੈਂਡ ‘ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਇਹ ਸਾਰਾ ਕੁਝ ਲੋਕ ਦਿਖਾਵੇ ਲਈ ਹੁੰਦੀ ਹੈ । ਵਿਆਹ ਵਿੱਚ ਰੱਖੇ ਗਏ ਵੱਖ-ਵੱਖ ਪ੍ਰੋਗਰਾਮਾਂ ਨੂੰ ਇੱਕ ਤਿਉਹਾਰ ਵਾਂਗ ਬਣਾਇਆ ਜਾਂਦਾ ਹੈ ਜਦਕਿ ਤਿਉਹਾਰ ਬਣਾਉਣ ਦੇ ਪਿੱਛੇ ਮਕਸਦ ਹੁੰਦਾ ਹੈ ਉਸ ਰੱਬ ਨੂੰ ਯਾਦ ਕੀਤਾ ਜਾਵੇ ਜਿਸ ਨੇ ਸਭ ਕੁਝ ਦਿੱਤਾ ਹੈ।

ਭਾਰਤ ਵਿੱਚ ਸਭ ਤੋਂ ਵੱਧ ਖਾਣੇ ਦੀ ਬਰਬਾਦੀ

ਅੰਕੜਿਆਂ ਮੁਤਾਬਿਕ ਭਾਰਤ ਵਿੱਚ ਵਿਆਹ ਅਤੇ ਹੋਰ ਸਮਾਗਮਾਂ ‘ਤੇ ਸਭ ਤੋਂ ਵੱਧ ਖਾਣੇ ਦੀ ਬਰਬਾਦੀ ਹੁੰਦੀ ਹੈ । United Nations Food and Agriculture Organisation (FAO) ਮੁਤਾਬਿਕ ਹਰ ਸਾਲ 1.7 ਬਿਲੀਅਨ ਟਨ ਖਾਣਾ ਅਸੀਂ ਬਰਬਾਦ ਕਰਦੇ ਹਾਂ ਜੋ ਕਿ ਪੂਰੀ ਦੁਨੀਆ ਦਾ 1/3 ਹਿੱਸੇ ਦਾ ਢਿੱਡ ਭਰ ਸਕਦਾ ਹੈ । ਗਲੋਬਲ ਹੰਗਰ ਇੰਡੈੱਕਸ 2019 ਦੇ ਮੁਤਾਬਿਕ 117 ਦੇਸ਼ਾਂ ਵਿੱਚ ਭਾਰਤ ਦੀ ਰੈਂਕ 102 ਹੈ । ਇਸ ਤੋਂ ਇਲਾਵਾ NFHS4 ਨਾਂ ਦੀ ਜਥੇਬੰਦੀ ਨੇ ਦਾਅਵਾ ਕੀਤਾ ਸੀ 2015 ਅਤੇ 2016 ਵਿੱਚ 46.8 ਮਿਲੀਅਨ ਭਾਰਤ ਵਿੱਚ ਬੱਚੇ ਭੁੱਖਮਰੀ ਦਾ ਸ਼ਿਕਾਰ ਸਨ ਜਦਕਿ ਅਸੀਂ ਵਿਆਹ ਸਮਾਗਮਾਂ ‘ਤੇ ਵੱਖ-ਵੱਖ ਤਰ੍ਹਾਂ ਦੇ ਖਾਣੇ ‘ਤੇ ਕਰੋੜਾਂ ਰੁਪਏ ਸਿਰਫ਼ ਇਸ ਲਈ ਖ਼ਰਚ ਕਰਦੇ ਹਾਂ ਤਾਂਕਿ ਸਮਾਜ ਵਿੱਚ ਅਸੀਂ ਆਪਣੇ ਝੂਠੀ ਸ਼ਾਨ ਵਿਖਾ ਸਕੀਏ । ਇਸ ਖਾਣੇ ਦੀ ਬਰਬਾਦੀ ਨਾਲ ਸਿਰਫ਼ ਪੈਸਿਆਂ ਦੀ ਬਰਬਾਦੀ ਨਹੀਂ ਹੁੰਦੀ ਹੈ ਬਲਕਿ ਵਾਤਾਵਰਣ ਨੂੰ ਵੀ ਕਾਫ਼ੀ ਨੁਕਸਾਨ ਹੁੰਦਾ ਹੈ ।

ਪਹਿਲਾਂ 2 ਵਾਰ ਬਿੱਲ ਪੇਸ਼ ਕੀਤਾ ਗਿਆ

ਇਹ ਪਹਿਲਾਂ ਮੌਕਾ ਨਹੀਂ ਹੈ ਕਿ ਜਦੋਂ ਪਾਰਲੀਮੈਂਟ ਵਿੱਚ ਵਿਆਹ ‘ਤੇ ਹੋਣ ਵਾਲੀ ਫ਼ਜ਼ੂਲ ਖ਼ਰਚੀ ਨੂੰ ਰੋਕਣ ਦੇ ਲਈ ਅਜਿਹਾ ਬਿੱਲ ਪੇਸ਼ ਕੀਤਾ ਗਿਆ ਹੋਵੇ । ਇਸ ਤੋਂ ਪਹਿਲਾਂ ਮੁੰਬਈ ਉੱਤਰੀ ਤੋਂ ਬੀਜੇਪੀ ਦੇ ਲੋਕ-ਸਭਾ ਦੇ ਐੱਮ ਪੀ ਗੋਪਾਲ ਚਿਨਿਆ ਸ਼ੈਟੀ ਨੇ ਵੀ ਦਸੰਬਰ 2017 ਵਿੱਚ ਇੱਕ ਪ੍ਰਾਈਵੇਟ ਬਿੱਲ ਪੇਸ਼ ਕੀਤਾ ਸੀ । ਜਿਸ ਵਿੱਚ ਕਿਹਾ ਗਿਆ ਸੀ ਵਿਆਹ ਵਿੱਚ ਹੋਣ ਵਾਲੀ ਫ਼ਜ਼ੂਲ ਖ਼ਰਚਿਆਂ ‘ਤੇ ਰੋਕ ਲਗਾਈ ਜਾਵੇ । 2017 ਵਿੱਚ ਹੀ ਫਰਵਰੀ ਮਹੀਨੇ ਵਿੱਚ ਕਾਂਗਰਸ ਦੀ ਐੱਮ ਪੀ ਰਾਜਨੀਤੀ ਰਨਜਨ ਨੇ The Marriages (Compulsory Registration and Prevention of Wasteful Expenditure) Bill, 2016 ਪੇਸ਼ ਕੀਤਾ ਸੀ। ਇਸ ਬਿੱਲ ਦਾ ਵੀ ਇਹ ਹੀ ਮਕਸਦ ਸੀ ਕਿ ਵਿਆਹ ਵਿੱਚ ਡਿਸ਼ ਅਤੇ ਮਹਿਮਾਨਾਂ ਦੀ ਗਿਣਤੀ ਨੂੰ ਤੈਅ ਕੀਤਾ ਜਾਵੇ । ਬਿੱਲ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਿਹੜੇ ਲੋਕ ਵਿਆਹ ਵਿੱਚ 5 ਲੱਖ ਤੋਂ ਵੱਧ ਖ਼ਰਚ ਕਰਦੇ ਹਨ ਉਨ੍ਹਾਂ ਦੇ ਲਈ ਇਹ ਜ਼ਰੂਰੀ ਬਣਾਇਆ ਜਾਵੇ ਕਿ ਉਹ 10 ਫ਼ੀਸਦੀ ਹਿੱਸਾ ਗ਼ਰੀਬ ਕੁੜੀ ਦੇ ਵਿਆਹ ‘ਤੇ ਖ਼ਰਚ ਕਰਨ ।ਹਾਲਾਂਕਿ ਪ੍ਰਾਈਵੇਟ ਬਿੱਲ ਦੇ ਪਾਸ ਹੋਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ । ਇੱਕ ਸਰਵੇ ਮੁਤਾਬਿਕ 1952 ਤੋਂ ਲੈ ਕੇ ਹੁਣ ਤੱਕ ਸਿਰਫ਼ 14 ਪ੍ਰਾਈਵੇਟ ਬਿੱਲ ਹੀ ਪਾਸ ਹੋ ਸਕੇ ਹਨ । ਪਰ ਬਿੱਲ ਪੇਸ਼ ਕਰਨ ਤੋਂ ਬਾਅਦ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਤੇ ਫ਼ੈਸਲਾ ਲਿਆ ਜਾਵੇ ਅਤੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਦਿੱਤੀ ਜਾਵੇ।