ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੇਰਨ ਇਲਾਕੇ ਵਿੱਚ ਫੌਜ ਨੇ ਮੁਕਾਬਲੇ ਵਿੱਚ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਫੌਜ ਨੂੰ ਇੱਥੇ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਅੱਤਵਾਦੀਆਂ ਅਤੇ ਫੌਜ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ, ਜੋ ਅਜੇ ਵੀ ਜਾਰੀ ਹੈ।
ਦੂਜੇ ਪਾਸੇ ਡੋਡਾ ਵਿੱਚ ਵੀ ਦੋ ਥਾਵਾਂ ’ਤੇ ਮੁਕਾਬਲੇ ਚੱਲ ਰਹੇ ਹਨ। ਵੀਰਵਾਰ ਤੜਕੇ ਅੱਤਵਾਦੀਆਂ ਦੇ ਹਮਲੇ ’ਚ ਦੋ ਜਵਾਨ ਜ਼ਖਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਕਸਤੀਗੜ੍ਹ ਖੇਤਰ ਦੇ ਜੱਦਨ ਬਾਟਾ ਪਿੰਡ ’ਚ ਬੁੱਧਵਾਰ ਦੇਰ ਰਾਤ ਸਕੂਲ ’ਚ ਸਥਾਪਿਤ ਅਸਥਾਈ ਸੁਰੱਖਿਆ ਕੈਂਪ ’ਤੇ ਗੋਲ਼ੀਬਾਰੀ ਕੀਤੀ। ਇਸ ਵਿੱਚ ਦੋ ਜਵਾਨ ਜ਼ਖ਼ਮੀ ਹੋ ਗਏ।
ਫੌਜ ਨੇ ਗੋਲੀਬਾਰੀ ਕੀਤੀ ਤਾਂ ਅੱਤਵਾਦੀ ਜੰਗਲ ਵੱਲ ਭੱਜੇ, ਜਿੱਥੇ ਫੌਜ ਨੇ ਉਨ੍ਹਾਂ ਨੂੰ ਘੇਰ ਲਿਆ। ਫੌਜ ਅਤੇ ਅੱਤਵਾਦੀਆਂ ਵਿਚਾਲੇ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਜ਼ਿਲੇ ’ਚ ਇਕ ਹੋਰ ਥਾਂ ’ਤੇ ਵੀ ਮੁਕਾਬਲਾ ਚੱਲ ਰਿਹਾ ਹੈ।
15 ਜੁਲਾਈ ਨੂੰ ਡੋਡਾ ਵਿੱਚ 5 ਜਵਾਨ ਸ਼ਹੀਦ
ਡੋਡਾ ਵਿੱਚ ਹੀ 15 ਜੁਲਾਈ ਨੂੰ ਅੱਤਵਾਦੀਆਂ ਨਾਲ ਮੁਕਾਬਲੇ ’ਚ ਫੌਜ ਦੇ ਇਕ ਕਪਤਾਨ ਅਤੇ ਇਕ ਪੁਲਿਸ ਕਰਮਚਾਰੀ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। 16 ਜੁਲਾਈ ਨੂੰ ਡੋਡਾ ਦੇ ਦੇਸਾ ਜੰਗਲਾਤ ਪੱਟੀ ਦੇ ਕਲਾਂ ਭਾਟਾ ਵਿੱਚ ਰਾਤ 10:45 ਵਜੇ ਅਤੇ ਪੰਚਨ ਭਾਟਾ ਖੇਤਰ ਵਿੱਚ ਤੜਕੇ 2 ਵਜੇ ਫਿਰ ਗੋਲੀਬਾਰੀ ਹੋਈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਫੌਜ ਨੇ ਤਲਾਸ਼ੀ ਮੁਹਿੰਮ ਚਲਾਉਣ ਲਈ ਜੱਦਨ ਬਾਟਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਅਸਥਾਈ ਸੁਰੱਖਿਆ ਕੈਂਪ ਲਗਾਇਆ ਸੀ।
ਡੋਡਾ ਜ਼ਿਲ੍ਹੇ ਨੂੰ 2005 ਵਿੱਚ ਅੱਤਵਾਦ ਮੁਕਤ ਐਲਾਨਿਆ ਗਿਆ ਸੀ। 12 ਜੂਨ ਤੋਂ ਲਗਾਤਾਰ ਹੋ ਰਹੇ ਹਮਲਿਆਂ ’ਚ 5 ਜਵਾਨ ਸ਼ਹੀਦ ਹੋ ਗਏ ਅਤੇ 9 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਤਿੰਨ ਅੱਤਵਾਦੀ ਵੀ ਮਾਰੇ ਗਏ ਸਨ।