India

ਹੁਣ NIA ਕਰੇਗੀ ਰਿਆਸੀ ਅੱਤਵਾਦੀ ਹਮਲੇ ਦੀ ਜਾਂਚ, ਗ੍ਰਹਿ ਮੰਤਰਾਲੇ ਦਾ ਵੱਡਾ ਫ਼ੈਸਲਾ

ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ 9 ਜੂਨ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ’ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਸੌਂਪ ਦਿੱਤੀ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਇਕ ਰਿਪੋਰਟ ਮੁਤਾਬਕ ਅੱਤਵਾਦ ਵਿਰੋਧੀ ਏਜੰਸੀ ਨੇ ਇਸ ਮਾਮਲੇ ’ਚ ਸਖ਼ਤ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਮਾਮਲਾ ਦਰਜ ਕਰ ਲਿਆ ਹੈ।

NIA ਦੀ ਜਾਂਚ ਵਿੱਚ ਇਹ ਵੀ ਪਤਾ ਲਾਇਆ ਜਾਵੇਗਾ ਕਿ ਕੀ ਇਸ ਹਮਲੇ ਵਿੱਚ ਸਿਰਫ਼ ਪਾਕਿਸਤਾਨੀ ਅੱਤਵਾਦੀ ਹੀ ਸ਼ਾਮਲ ਸਨ ਜਾਂ ਉਨ੍ਹਾਂ ਨੂੰ ਸਥਾਨਕ ਕਸ਼ਮੀਰੀਆਂ ਨੇ ਵੀ ਮਦਦ ਕੀਤੀ ਸੀ। ਕਿਉਂਕਿ ਹਾਲ ਹੀ ਵਿੱਚ ਸੂਬੇ ’ਚੋਂ ਅੱਤਵਾਦੀਆਂ ਦੇ ਓਵਰ ਗਰਾਊਂਡ ਵਰਕਰ (ਓਜੀਡਬਲਿਊ) ਸ਼ਬੀਰ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਕੋਲੋਂ ਪਿਸਤੌਲ, ਗੋਲੀਆਂ, 4 ਹੈਂਡ ਗ੍ਰਨੇਡ, 2 ਆਈਈਡੀ ਵਰਗੇ ਖ਼ਤਰਨਾਕ ਹਥਿਆਰ ਮਿਲੇ ਸਨ।

ਜ਼ਿਕਰਯੋਗ ਹੈ ਕਿ ਰਿਆਸੀ ਦੇ ਸ਼ਿਵ ਖੋਰੀ ਮੰਦਰ ਤੋਂ ਕਟੜਾ ਪਰਤ ਰਹੀ ਬੱਸ ’ਤੇ ਹੋਏ ਅੱਤਵਾਦੀ ਹਮਲੇ ’ਚ 10 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ 33 ਹੋਰ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਜੰਮੂ-ਕਸ਼ਮੀਰ ਪੁਲਿਸ ਨੇ ਅੱਤਵਾਦੀ ਹਮਲੇ ਦੀ ਜਾਂਚ ਦੇ ਸਬੰਧ ’ਚ ਕੁੱਲ 50 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਸੀ। ਪੁਲਿਸ ਬੁਲਾਰੇ ਨੇ ਕਿਹਾ ਕਿ ਇਹ ਕਾਰਵਾਈ ਪੁਲਿਸ ਤੇ ਸੁਰੱਖਿਆ ਬਲਾਂ ਦੁਆਰਾ ਕੀਤੀ ਗਈ ਇੱਕ ਵਿਆਪਕ ਜਾਂਚ ਤੋਂ ਬਾਅਦ ਕੀਤੀ ਗਈ ਸੀ, ਜਿਸ ਤੋਂ ਮਹੱਤਵਪੂਰਨ ਸੁਰਾਗ਼ ਮਿਲੇ ਹਨ ਜੋ ਹਮਲੇ ਦੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਕਰਦੇ ਹਨ।

ਇਸ ਦੌਰਾਨ ਜੰਮੂ-ਕਸ਼ਮੀਰ ਪੁਲਿਸ ਨੇ ਹਮਲੇ ਵਿੱਚ ਸ਼ਾਮਲ ਤਿੰਨ ਅੱਤਵਾਦੀਆਂ ਵਿੱਚੋਂ ਇੱਕ ਦਾ ਸਕੈੱਚ ਵੀ ਜਾਰੀ ਕੀਤਾ ਹੈ। ਨਾਲ ਹੀ ਉਸ ਬਾਰੇ ਸੂਚਨਾ ਦੇਣ ਵਾਲੇ ਨੂੰ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਚਸ਼ਮਦੀਦਾਂ ਵੱਲੋਂ ਦਿੱਤੇ ਬਿਆਨ ਦੇ ਆਧਾਰ ’ਤੇ ਅੱਤਵਾਦੀ ਦਾ ਸਕੈੱਚ ਤਿਆਰ ਕੀਤਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦਿੱਲੀ ‘ਚ ਜੰਮੂ-ਕਸ਼ਮੀਰ ‘ਚ ਹਾਲ ਹੀ ’ਚ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਸੁਰੱਖਿਆ ਸਥਿਤੀ ’ਤੇ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਜੰਮੂ ਵਿੱਚ ਅੱਤਵਾਦ ਦੇ ਸਮਰਥਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਆਉਣ ਵਾਲੀ ਅਮਰਨਾਥ ਯਾਤਰਾ ਲਈ ਵਿਸਤ੍ਰਿਤ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ – ਦੇਸ਼ ਦੇ 22 ਸੂਬਿਆਂ ’ਚ ਅੱਜ ਮੀਂਹ ਦੀ ਭਵਿੱਖਬਾਣੀ!