ਭਾਰਤ ਦਾ ਸਵਿਟਰਜ਼ਰਲੈਂਡ ਕਹੇ ਜਾਂਦੇ ਕਸ਼ਮੀਰ ਦੇ ਖੂਬਸੂਰਤ ਸ਼ਹਿਰ ਪਹਿਲਗਾਮ ਇਲਾਕੇ ’ਚ ਫੌਜੀ ਵਰਦੀ ’ਚ ਆਏ ਹਮਲਾਵਰਾਂ ਨੇ ਕੁਦਰਤ ਦੀ ਖੂਬਸੂਰਤੀ ਦਾ ਆਨੰਦ ਮਾਣਦੇ 26 ਸੈਲਾਨੀਆਂ ਸਮੇਤ 27 ਜਣਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਨਿਸ਼ਾਨਾ ਖਾਸ ਤੌਰ ਤੇ ਪੁਰਸ਼ਾਂ ਨੂੰ ਬਣਾਇਆ ਗਿਆ, ਇਸ ਬੇਰਹਿਮ ਹਮਲੇ ਚ ਭਾਰਤ ਦੇ 6 ਸੂਬਿਆਂ ਦੇ25 ਲੋਕ ਅਤੇ 2 ਵਿਦੇਸ਼ੀ ਨਾਗਰਿਕ ਮਾਰੇ ਗਏ।
ਇਸ ਦਰਦਨਾਕ ਮੰਜਰ ਨੇ ਅੱਜ ਤੋਂ 25 ਸਾਲ ਪਹਿਲਾਂ ਦਾ ਮੰਜਰ ਵੀ ਯਾਦ ਕਰਵਾ ਦਿੱਤਾ ਹੈ ਜਦੋਂ 20 ਮਾਰਚ 2000 ਵਿੱਚ ਘੁੱਗ ਵਸਦੇ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਵਾਲੇ ਪਿੰਡ ਚਿੱਠੀ ਸਿੰਘਪੁਰਾ ’ਚ ਮਿਥ ਕੇ 36 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਇਤਫਾਕ ਦੀ ਗੱਲ ਇਹ ਹੈ ਕਿ ਉਸ ਵਕਤ ਅਮਰੀਕਾ ਦੇ ਤਤਕਾਲੀ ਰਾਸ਼ਟਰਤੀ ਬਿਲ ਕਲਿੰਟਨ ਭਾਰਤ ਦੌਰੇ ਤੇ ਆਏ ਸੀ, ਤੇ ਹੁਣ ਅਮਰੀਕਾ ਦੇ ਉਪ ਰਾਸਠਰਪਤੀ ਜੇਡੀ ਵੈਂਸ 4 ਦਿਨਾਂ ਭਾਰਤ ਦੌਰੇ ’ਤੇ ਹਨ।
ਦੁਖਦਾਈ ਗੱਲ ਇਹ ਹੈ ਕਿ 25 ਸਾਲ ਬਾਅਦ ਵੀ ਚਿੱਠੀ ਸਿੰਘਪੁਰਾ ਦਾ ਇਨਸਾਫ ਹਾਲੇ ਤੱਕ ਨਹੀਂ ਮਿਲਿਆ ਭਾਵੇਂ ਕਈ ਵਾਰ ਜਾਂਚ ਤਣ ਪੱਤਣ ਲੱਗ ਚੁੱਕੀ ਹੈ ਕਿ ਮਾਰਨ ਵਾਲੇ ਕੌਣ ਲੋਕ ਸਨ, ਇਸ ਦਰਦਨਾਕ ਘਟਨਾ ਦਾ ਵੀ ਇਨਸਾਫ ਕਦੋਂ ਹੋਵੇਗਾ, ਹੋਵੇਗਾ ਵੀ ਜਾਂ ਨਹੀਂ ਕੋਈ ਨਹੀਂ ਜਾਣਦਾ।
2000 ਵਿੱਚ ਬਿਲ ਕਲਿੰਟਨ ਨੇ ਕਿਹਾ ਸੀ ਕਿ ਜੇ ਮੈਂ ਭਾਰਤ ਨਾ ਜਾਂਦਾ ਤਾਂ ਉਹ ਨਿਰਦੋਸ਼ ਸਿੱਖ ਬਚ ਜਾਂਦੇ, ਐਤਕੀਂ ਵੀ ਮਾਰੇ ਗਏ ਲੋਕ ਨਿਰਦੋਸ਼ ਹਨ, ਕੁਦਰਤ ਦੀ ਨਿੱਘੀ ਗੋਦ ਦਾ ਲੁਤਫ ਲੈਣ ਗਏ ਬੇਕਸੂਰ ਲੋਕ, ਮਾਰਨ ਵਾਲੇ ਅਸਲ ਵਿੱਚ ਕੌਣ ਸਨ ਸ਼ਾਇਦ ਕਦੇ ਇਹ ਗੱਲ ਸਾਹਮਣੇ ਨਾ ਆਵੇ, ਹਾਲਾਂਕਿ ਹਮਲੇ ਦੀ ਜਿੰਮੇਵਾਰੀ ਪਾਕਿਸਤਾਨੀ ਦਹਿਸ਼ਤਗਰਦੀ ਜਥੇਬੰਦੀ ਲਸ਼ਕਰ ਏ ਤਾਇਬਾ ਨੇ ਲਈ ਹੈ।