‘ਦ ਖ਼ਾਲਸ ਬਿਊਰੋ:- ਖੇਤੀ ਕਾਨੂੰਨਾਂ ਖਿਲਾਫ ਅੱਜ ਦਿੱਲੀ ‘ਚ 20 ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕਰਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਹੈ। ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 5 ਨਵੰਬਰ ਨੂੰ 12 ਵਜੇ ਤੋਂ 4 ਵਜੇ ਤੱਕ ਪੂਰੇ ਮੁਲਕ ‘ਚ ਚੱਕਾ ਜਾਮ ਕੀਤਾ ਜਾਵੇਗਾ।
ਇਸ ਤੋਂ ਇਲਾਵਾ 26 ਤੇ 27 ਨਵੰਬਰ ਨੂੰ ਦਿੱਲੀ ਵੱਲ੍ਹ ਕੂਚ ਕਰਨ ਦੀ ਕਾਲ ਕੀਤੀ ਗਈ ਹੈ। ਕਿਸਾਨ ਦੋਨੋਂ ਦਿਨ ਦਿੱਲੀ ‘ਚ ਧਰਨਾ ਪ੍ਰਦਰਸ਼ਨ ਕਰਨਗੇ। ਦਿੱਲੀ ‘ਚ ਹੋਈ ਇਸ ਮੀਟਿੰਗ ਵਿੱਚ ਭਾਰਤ ਦੇ 20 ਸੂਬਿਆਂ ‘ਚੋਂ ਕਿਸਾਨ ਆਗੂਆਂ ਨੇ ਹਾਜ਼ਰੀ ਲਗਵਾਈ, ਜਿਸ ‘ਚ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਰਣਨੀਤੀ ਐਲਾਨੀ ਹੈ।
ਕੇਂਦਰ ਸਰਕਾਰ ਅੱਗੇ ਮਜ਼ਬੂਤ ਕਿਸਾਨ ਸੰਘਰਸ਼ ਖੜ੍ਹਾ ਕਰਨ ਲਈ ‘ਪੰਜਾਬ ਫਾਰਮੂਲੇ’ ਨੂੰ ਕੌਮੀ ਪੱਧਰ ’ਤੇ ਲਿਜਾਣ ਬਾਰੇ ਵੀ ਚਰਚਾ ਹੋਈ ਹੈ। ਇਸ ਮੌਕੇ ਕੌਮੀ ਪੱਧਰ ਦੀ ਕਿਸਾਨ ਲਹਿਰ ਬਣਾ ਕੇ ਸੰਘਰਸ਼ ਜਿੱਤਣ ਬਾਰੇ ਗੱਲ ਕੀਤੀ ਗਈ ਹੈ।