ਫਤਿਹਾਬਾਦ : ਜਲੇਬੀ ਬਾਬਾ ਨੂੰ ਦੋ ਔਰਤਾਂ ਨਾਲ ਬਲਾਤਕਾਰ ਕਰਨ ਅਤੇ ਪੋਸਕੋ ਐਕਟ ਦੇ ਇੱਕ ਮਾਮਲੇ ਵਿੱਚ 14 ਸਾਲ ਦੀ ਸਜ਼ਾ ਹੋਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਫਾਸਟ ਟਰੈਕ ਅਦਾਲਤ ਦੇ ਜੱਜ ਬਲਵੰਤ ਸਿੰਘ ਦੀ ਅਦਾਲਤ ਨੇ ਤੰਤਰ-ਮੰਤਰ ਦੇ ਬਹਾਨੇ ਔਰਤਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਜਬਰ-ਜ਼ਨਾਹ ਕਰਨ ਅਤੇ ਉਨ੍ਹਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾਉਣ ਦੇ ਦੋਸ਼ੀ ਜਲੇਬੀ ਬਾਬਾ ਨੂੰ ਸਜ਼ਾ ਸੁਣਾਈ ਹੈ।
ਅਦਾਲਤ ਨੇ ਜਲੇਬੀ ਬਾਬਾ ਨੂੰ ਦੋ ਔਰਤਾਂ ਨਾਲ ਬਲਾਤਕਾਰ ਕਰਨ ਅਤੇ ਪੋਸਕੋ ਐਕਟ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ। ਕੋਰਟ ਨੇ ਉਸਨੂੰ ਪੋਸਕੋ ਐਕਟ ਵਿੱਚ 14 ਸਾਲ, ਬਲਾਤਕਾਰ ਦੇ ਮਾਮਲੇ ਵਿੱਚ ਸੱਤ ਸਾਲ ਅਤੇ ਆਈਟੀ ਐਕਟ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਜਦੋਂ ਕਿ ਉਸਨੂੰ 35,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।
ਦੱਸ ਦੇਈਏ ਕਿ ਜੁਲਾਈ 2018 ਵਿਚ ਬਾਬੇ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿਚ ਉਹ ਇਕ ਮਹਿਲਾ ਨਾਲ ਗਲਤ ਕੰਮ ਕਰਦਾ ਨਜ਼ਰ ਆਰਿਹਾ ਸੀ। ਵੀਡੀਓ ਦੇ ਵਾਇਰਲ ਹੁੰਦੇ ਹੀ ਟੋਹਾਣਾ ਵਿਚ ਵਿਰੋਧ ਹੋਣ ਲੱਗਾ ਤੇ ਬਾਬਾ ਖਿਲਾਫ ਲੋਕਾਂ ਨੇ ਪ੍ਰਦਰਸ਼ਨ ਕੀਤਾ। 19 ਜੁਲਾਈ 2018 ਨੂੰ ਟੋਹਾਣਾ ਸਹਿਰ ਥਾਣੇ ਦੇ ਤਤਕਾਲੀ ਇੰਚਾਰਜ ਪ੍ਰਦੀਪ ਕੁਮਾਰ ਦੀ ਸ਼ਿਕਾਇਤ ‘ਤੇ ਬਾਬਾ ਅਮਰਪੁਰੀ ਉਰਫ ਬਿੱਲੂਰਾਮ ਉਰਫ ਜਲੇਬੀ ਬਾਬਾ ਖਿਲਾਫ ਜਬਰ ਜਨਾਹ ਪਾਸਕੋਐਕਟ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਇਸ ਦੇ ਬਾਅਦ ਪੁਲਿਸ ਨੇ ਦੋਸ਼ੀ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਨਿਸ਼ਾਨਦੇਹੀ ‘ਤੇ ਉਸ ਦੇ ਘਰ ਤੋਂ ਅਫੀਮ, ਪਿਸਤੌਲ ਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਸੀ। ਪੁਲਿਸ ਨੇ 100 ਦੇ ਲਗਭਗ ਔਰਤਾਂ ਨਾਲ ਬਾਬਾ ਵੱਲੋਂ ਸਬੰਧ ਬਣਾਉਣ ਦੀ ਵੀਡੀਓ ਵੀ ਬਰਾਮਦ ਕੀਤੀ ਸੀ। ਉਸ ਨੂੰ ਅਦਾਲਤ ਨੇ 5 ਜਨਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ।