International Punjab

ਇੰਗਲੈਂਡ ਜਾ ਰਿਹਾ ਸੀ ਜਲੰਧਰ ਦਾ ਨੌਜਵਾਨ, ਸਮੁੰਦਰ ’ਚ ਡੁੱਬ ਕੇ ਮੌਤ

ਬਿਊਰੋ ਰਿਪੋਰਟ (18 ਅਕਤੂਬਰ, 2025): ਜਲੰਧਰ ਦੇ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ਦਾ 29 ਸਾਲਾ ਅਰਵਿੰਦਰ ਸਿੰਘ ਇੰਗਲੈਂਡ ਜਾਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਗੁਆ ਬੈਠਾ। ਉਹ ਪਿਛਲੇ ਸੱਤ ਸਾਲਾਂ ਤੋਂ ਫਰਾਂਸ ’ਚ ਰਹਿ ਰਿਹਾ ਸੀ ਤੇ ਇੰਗਲੈਂਡ ’ਚ ਵੱਸਣ ਦਾ ਸੁਪਨਾ ਦੇਖ ਰਿਹਾ ਸੀ। ਇਸੀ ਕੋਸ਼ਿਸ਼ ਦੌਰਾਨ ਉਹ ਹੋਰ 80 ਲੋਕਾਂ ਨਾਲ ਇਕ ਕਿਸ਼ਤੀ ਰਾਹੀਂ ਸਮੁੰਦਰ ਪਾਰ ਕਰਨ ਨਿਕਲਿਆ, ਪਰ ਇਹ ਯਾਤਰਾ ਉਸਦੀ ਜ਼ਿੰਦਗੀ ਦੀ ਆਖ਼ਰੀ ਯਾਤਰਾ ਬਣ ਗਈ।

ਆਰਡਰ-ਡਾਨ ਸੰਸਥਾ ਦੇ ਪ੍ਰਬੰਧਕ ਰਾਜੀਵ ਚੀਮਾ ਮੁਤਾਬਕ, ਇਹ ਕਿਸ਼ਤੀ ਟਿਊਬ ਦੇ ਆਕਾਰ ਦੀ ਸੀ ਜੋ ਸਮੁੰਦਰ ’ਚ ਲਗਭਗ 15 ਕਿਲੋਮੀਟਰ ਤੱਕ ਅੱਗੇ ਜਾਣ ਤੋਂ ਬਾਅਦ ਪਲਟ ਗਈ।

ਰਾਹਤ ਟੀਮ ਨੇ 77 ਲੋਕਾਂ ਨੂੰ ਬਚਾ ਲਿਆ, ਪਰ ਅਰਵਿੰਦਰ ਸਿੰਘ ਤੇ ਹੋਰ ਦੋ ਵਿਦੇਸ਼ੀ ਨੌਜਵਾਨ ਲਹਿਰਾਂ ਦੀ ਭੇਂਟ ਚੜ੍ਹ ਗਏ। ਕੁਝ ਦਿਨ ਬਾਅਦ ਅਰਵਿੰਦਰ ਦਾ ਸ਼ਰੀਰ ਪੈਰਿਸ ਤੋਂ 360 ਕਿਲੋਮੀਟਰ ਦੂਰ ਸਮੁੰਦਰ ਤਟ ’ਤੇ ਮਿਲਿਆ।

ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ 2 ਅਕਤੂਬਰ ਨੂੰ ਮਿਲੀ, ਜਦੋਂ ਕਪੂਰਥਲਾ ਦੇ ਚੌਹਾਨਾ ਪਿੰਡ ਦੇ ਇਕ ਨੌਜਵਾਨ ਨੇ ਫ਼ੋਨ ਕਰਕੇ ਦੱਸਿਆ ਕਿ ਕਿਸ਼ਤੀ ਪਲਟ ਗਈ ਹੈ ਤੇ ਅਰਵਿੰਦਰ ਲਾਪਤਾ ਹੈ। ਇਹ ਨੌਜਵਾਨ ਵੀ ਉਸੇ ਕਿਸ਼ਤੀ ’ਚ ਸਵਾਰ ਸੀ।

ਅਰਵਿੰਦਰ ਦੇ ਭਰਾ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ 18 ਮਈ ਨੂੰ ਵਰਕ ਪਰਮਿਟ ’ਤੇ ਪੁਰਤਗਾਲ ਗਿਆ ਸੀ, ਜਿੱਥੇ ਉਸਨੇ ਕਾਨੂੰਨੀ ਤੌਰ ’ਤੇ ਕੰਮ ਸ਼ੁਰੂ ਕੀਤਾ। ਪਰ ਕੁਝ ਹੋਰ ਨੌਜਵਾਨਾਂ ਦੇ ਸੰਪਰਕ ’ਚ ਆਉਣ ਤੋਂ ਬਾਅਦ ਉਸਨੇ ਇੰਗਲੈਂਡ ਜਾਣ ਦੀ ਯੋਜਨਾ ਬਣਾਈ। ਪਹਿਲਾਂ ਉਸਨੇ ਟਰੱਕ ਰਾਹੀਂ ਜਾਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਡਰਾਈਵਰ ਨੇ ਇਨਕਾਰ ਕੀਤਾ ਤਾਂ ਉਸਨੇ ਕਿਸ਼ਤੀ ਰਾਹੀਂ ਜਾਣ ਦਾ ਫੈਸਲਾ ਲੈ ਲਿਆ।

ਪਰਿਵਾਰ ਨੇ ਕਈ ਵਾਰ ਸਮਝਾਇਆ ਕਿ ਇਹ ਖ਼ਤਰਨਾਕ ਰਾਹ ਨਾ ਚੁਣੇ, ਪਰ ਉਸਨੇ ਗੱਲ ਨਾ ਮੰਨੀ। 29 ਸਤੰਬਰ ਨੂੰ ਉਸ ਦਾ ਪਰਿਵਾਰ ਨਾਲ ਆਖ਼ਰੀ ਫ਼ੋਨ ਸੰਪਰਕ ਹੋਇਆ ਸੀ। ਦੋ ਦਿਨ ਬਾਅਦ ਹੀ ਉਸ ਦੇ ਡੁੱਬਣ ਦੀ ਖ਼ਬਰ ਆਈ। ਹੁਣ ਪਿੰਡ ’ਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਸਰਕਾਰ ਤੋਂ ਉਸ ਦੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਦੀ ਮੰਗ ਕਰ ਰਿਹਾ ਹੈ।