ਬਿਉਰੋ ਰਿਪੋਰਟ : ਪੰਜਾਬ ਸਰਕਾਰ ਨਸ਼ਾ ਦੂਰ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਇਸ ਤੋਂ ਵੱਖ ਹੈ । ਇਹ ਇਲਜ਼ਾਮ ਵਿਰੋਧੀ ਧਿਰ ਕਾਂਗਰਸ ਅਤੇ ਬੀਜੇਪੀ ਵੱਲੋਂ ਜਲੰਧਰ ਵਿੱਚ ਔਰਤਾਂ ਦੇ ਲਈ ਖੋਲੀ ਗਈ ਸਪੈਸ਼ਲ ਸ਼ਰਾਬ ਦੀ ਦੁਕਾਨ ਦੀ ਤਸਵੀਰ ਜਾਰੀ ਕਰਕੇ ਹੋਏ ਲਗਾਇਆ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨੂੰ ਨਾਂ ਦਿੱਤਾ ਗਿਆ ਹੈ ਵੂਮੈਨ ਫਰੈਂਡਲੀ ਠੇਕਾ । ਜਲੰਧਰ ਦੇ ਲੰਬਾ ਪਿੰਡ ਚੌਕ ‘ਤੇ ਇਸ ਨੂੰ ਖੋਲਿਆ ਗਿਆ ਹੈ । ਪੰਜਾਬ ਸਰਕਾਰ ਨੇ ਨਵੀਂ ਐਕਸਾਇਜ਼ ਪਾਲਿਸੀ ਅਧੀਨ ਵੱਧ ਠੇਕੇ ਖੋਲਣ ਦਾ ਐਲਾਨ ਕੀਤਾ ਸੀ । ਐਕਸਾਇਜ਼ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੂਮੈਨ ਫਰੈਂਡਲੀ ਠੇਕੇ ਹਰ ਗਰੁੱਪ ਵਿੱਚ ਖੋਲੇ ਜਾਣਗੇ । ਵਿਭਾਗ ਦਾ ਕਹਿਣਾ ਹੈ ਕਿ ਜਿਹੜੀਆਂ ਔਰਤਾਂ ਆਮ ਠੇਕਿਆਂ ਤੋਂ ਸ਼ਰਾਬ ਨਹੀਂ ਲੈ ਸਕਦੀਆਂ ਹਨ ਉਹ ਔਰਤਾਂ ਇਨ੍ਹਾਂ ਠੇਕਿਆਂ ਤੋਂ ਸ਼ਰਾਬ ਲੈ ਸਕਦੀ ਹੈ । ਇਨ੍ਹਾਂ ਖਾਸ ਠੇਕਿਆਂ ਵਿੱਚ ਔਰਤਾਂ ਦੇ ਸਟਾਫ ਦੀ ਹੀ ਨਿਯੁਕਤੀ ਕੀਤੀ ਜਾ ਰਹੀ ਹੈ ।
ਸ਼ਰਮਨਾਕ! ਪੰਜਾਬ ਨੂੰ ਤਿੰਨ ਮਹੀਨੇ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੇ ਹੁਣ ਔਰਤਾਂ ਨੂੰ ਵੀ ਸ਼ਰਾਬ ‘ਤੇ ਲਗਾਉਣ ਦੀਆਂ ਤਿਆਰੀਆਂ ਕਰ ਚੁੱਕੇ ਹਨ। ਨਸ਼ਾ ਪਹਿਲਾਂ ਹੀ ਪੰਜਾਬ ਦੀਆਂ ਪੀੜੀਆਂ ਦੀਆਂ ਪੀੜੀਆਂ ਨਿਗਲ ਚੁੱਕਿਆ ਹੈ, ਹੁਣ ਔਰਤਾਂ ਲਈ ਠੇਕੇ ਖੋਲ ਕੇ @BhagwantMann ਜੀ ਕਰਨਾ ਕੀ ਚਾਹੁੰਦੇ ਹਨ? ਬਦਲਾਅ ਦਾ ਇਹ ਨਵਾਂ ਰੂਪ ਬਹੁਤ ਭਿਆਨਕ… pic.twitter.com/66bzBlsjZQ
— Amarinder Singh Raja Warring (@RajaBrar_INC) August 11, 2023
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ ਜਦਕਿ ਪੰਜਾਬ ਬੀਜੇਪੀ ਨੇ ਤੰਜ ਕੱਸ ਦੇ ਹੋ ਕਿਹਾ ਹੈ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਰਾਬ ਪ੍ਰੇਮ ਹੈ । ਦੋਵੇ ਪਾਰਟੀਆਂ ਦੇ ਆਗੂਆਂ ਨੇ ਕਿਹਾ ਹੈ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ ਪਰ ਮਾਨ ਸਰਕਾਰ ਹੁਣ ਘਰ ਬਰਬਾਦ ਕਰਨ ਤੁਲੀ ਹੋਈ ਹੈ ।
ਰਾਜਾ ਵੜਿੰਗ ਨੇ ਕਿਹਾ ਮਾਨ ਸਰਕਾਰ ਨੇ ਤਿੰਨ ਮਹੀਨੇ ਦੇ ਅੰਦਰ ਪੰਜਾਬ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਔਰਤਾਂ ਨੂੰ ਹੀ ਸ਼ਰਾਬ ਦਾ ਆਦੀ ਬਣਾਉਣ ਦੀ ਤਿਆਰੀ ਕਰ ਰਹੇ ਹਨ । ਨਸ਼ਾ ਪਹਿਲਾਂ ਹੀ ਪੰਜਾਬ ਦੀਆਂ ਕਈ ਪੀੜੀਆਂ ਨੂੰ ਬਰਬਾਦ ਕਰ ਚੁੱਕਾ ਹੈ । ਵੜਿੰਗ ਨੇ ਪੁੱਛਿਆ ਕਿ ਹੁਣ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ ਕੇ ਭਗਵੰਤ ਮਾਨ ਕੀ ਕਰਨਾ ਚਾਹੁੰਦੇ ਹਨ ? ਉਨ੍ਹਾਂ ਨੇ ਪੁੱਛਿਆ ਕੀ ਇਹ ਹੀ ਬਦਲਾਅ ਦਾ ਨਵਾਂ ਅਤੇ ਭਿਆਨਕ ਰੂਪ ਹੈ । ਜਿਸ ਦੇ ਖਤਰਨਾਕ ਨਤੀਜੇ ਸਾਹਮਣੇ ਆਉਣਗੇ ।
ਬੀਜੇਪੀ ਦਾ ਮਾਨ ਸਰਕਾਰ ਨੂੰ ਸਵਾਲ
ਪੰਜਾਬ ਬੀਜੇਪੀ ਨੇ ਕਿਹਾ CM ਭਗਵੰਤ ਮਾਨ ਦਾ ਸ਼ਰਾਬ ਦੇ ਵੱਲ ਜਿਹੜਾ ਝੁਕਾਅ ਹੈ ਉਹ ਹੁਣ ਜਗਜਾਹਿਰ ਹੋ ਗਿਆ ਹੈ । ਪੰਜਾਬ ਬੀਜੇਪੀ ਸੂਬਾ ਮੀਡੀਆ ਇੰਚਾਰਜ ਜਨਾਦਨ ਸ਼ਰਮਾ ਨੇ ਕਿਹਾ ਪੰਜਾਬ ਪਹਿਲਾਂ ਹੀ ਨਸ਼ੇ ਵਿੱਚ ਫਸਿਆ ਸੀ ਪਰ ਰਹੀ ਸਹੀ ਕਸਰ ਆਪ ਸਰਕਾਰ ਨੇ ਔਰਤਾਂ ਦੇ ਲਈ ਸ਼ਰਾਬ ਦੇ ਠੇਕੇ ਖੋਲ ਕੇ ਪੂਰੀ ਕਰ ਦਿੱਤੀ ਹੈ ਜਦਕਿ ਨਸ਼ੇ ਨੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਸੂਬਾ ਸਰਕਾਰ ਹੁਣ ਲੋਕਾਂ ਦੇ ਘਰ ਬਰਬਾਦ ਕਰਨ ‘ਤੇ ਲੱਗੀ ਹੈ ।