Punjab

8 ਮਹੀਨੇ ਬਾਅਦ ਕੋਰੋਨਾ ਨਾਲ ਜਲੰਧਰ ‘ਚ ਮੌਤ !

ਬਿਉਰੋ ਰਿਪੋਰਟ: ਦੇਸ਼ ਵਿੱਚ ਤੇਜੀ ਨਾਲ ਫੈਲ ਰਹੇ ਕੋਰੋਨਾ ਦੇ ਨਵੇਂ ਵੈਰੀਐਂਟ JN.1 ਦੀ ਖਬਰ ਵਿਚਾਲੇ ਜਲੰਧਰ ਤੋਂ ਕੋਰੋਨਾ ਪੀੜਤ ਔਰਤ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਸ਼ਹਿਰ ਵਿੱਚ ਤਕਰੀਬਨ 8 ਮਹੀਨੇ ਬਾਅਦ ਕਿਸੇ ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ
60 ਸਾਲ ਦੀ ਔਰਤ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਤੋਂ ਆਪਣਾ ਇਲਾਜ ਕਰਵਾਉਣ ਦੇ ਲਈ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਹੋਈ ਸੀ । ਔਰਤ ਨੂੰ ਤੇਜ਼ ਬੁਖਾਰ ਸੀ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਸੀ। ਹਸਪਤਾਲ ਵਿੱਚ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ । ਜਿਸ ਵਿੱਚ ਉਹ ਪੋਜ਼ੀਟਿਵ ਆਈ । ਔਰਤ ਦਾ ਸਸਕਾਰ ਕੋਵਿਡ ਦਿਸ਼ਾ-ਨਿਰਦੇਸ਼ ਦੇ ਨਾਲ ਕੀਤਾ ਗਿਆ ਹੈ । ਉਧਰ ਜਲੰਧਰ ਦੇ 46 ਸਾਲ ਦੇ ਸ਼ਖਸ ਦਾ ਕੋਰੋਨਾ ਟੈਸਟ ਵੀ ਪੋਜ਼ੀਟਿਵ ਆਇਆ ਹੈ । ਜਿਸ ਨੂੰ ਘਰ ਵਿੱਚ ਹੀ ਕੋਰੰਟੀਨ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉਧਰ ਬੀਤੇ ਦਿਨ ਹੀ ਚੰਡੀਗੜ੍ਹ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਵਿਡ ਨੂੰ ਲੈਕੇ ਨਵੀਂ ਗਾਈਡ ਲਾਈਨ ਜਾਰੀ ਕਰਦੇ ਹੋਏ ਲੋਕਾਂ ਨੂੰ ਮਾਕਸ ਪਾਉਣ ਦੀ ਅਪੀਲ ਕੀਤੀ ਹੈ ।

ਸਿਵਲ ਸਰਜਨ ਡਾਕਰਟ ਜਗਦੀਪ ਚਾਵਲਾ ਦਾ ਕਹਿਣਾ ਹੈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੇ ਲਈ ਤਿਆਰੀ ਕਰ ਲਈ ਗਈ ਹੈ । ਆਈਸੋਲੇਸ਼ਨ ਵਾਰਡ ਤਿਆਰ ਕੀਤੇ ਗਏ ਹਨ । ਸ਼ਹਿਰ ਵਿੱਚ ਬੁਖਾਰ ਖਾਂਸੀ ਦੇ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਹੈ । ਡਾਕਟਰ ਮੁਤਾਬਿਕ ਗਿਣਤੀ ਦੁੱਗਣੀ ਹੋ ਗਈ ਹੈ

ਕੋਵਿਡ ‘ਤੇ ਪੰਜਾਬ ਦੇ ਸਿਹਤ ਵਿਭਾਗ ਦੀ ਗਾਈਡ ਲਾਈਨ

ਪੰਜਾਬ ਵਿੱਚ ਹਸਪਤਾਲਾਂ ਅਤੇ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਕੋਰੋਨਾ ਦੇ ਨਵੇਂ ਰੂਪ ਜੇਐੱਨ.1 (JN.1 Covid 19 variant) ਨੂੰ ਲੈ ਕੇ ਸਿਹਤ ਵਿਭਾਗ ਨੇ ਸਾਵਧਾਨੀ ਦੇ ਤੌਰ ‘ਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

ਸਿਹਤ ਵਿਭਾਗ ਦੀ ਸਲਾਹ

-ਹੁਣ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।

-ਹਸਪਤਾਲਾਂ ਵਿੱਚ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣੇ ਹੋਣਗੇ।

-ਮਰੀਜ਼ਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣੇ ਹੋਣਗੇ ਅਤੇ ਹੋਰ ਸਾਵਧਾਨੀਆਂ ਦੀ ਪਾਲਣਾ ਕਰਨੀ ਪਵੇਗੀ।

-ਸਿਹਤ ਵਿਭਾਗ ਨੇ ਛਿੱਕ ਮਾਰਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ ਜਾਂ ਕੂਹਣੀ ਨਾਲ ਢੱਕਣ ਦੀ ਸਲਾਹ ਦਿੱਤੀ ਹੈ।

-ਵਾਰ-ਵਾਰ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਣਾ ਪਵੇਗਾ।

-ਜੇ ਤੁਸੀਂ ਸਾਹ ਦੇ ਲੱਛਣਾਂ ਤੋਂ ਪੀੜਤ ਹੋ ਤਾਂ ਆਪਣੇ ਨਿੱਜੀ ਸੰਪਰਕਾਂ ਨੂੰ ਸੀਮਤ ਕਰੋ।