ਬਿਉਰੋ ਰਿਪੋਰਟ: ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਅੱਜ ਯਾਨੀ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲਾ ਰੁਝਾਨ ਸਵੇਰੇ 9 ਵਜੇ ਆਵੇਗਾ ਅਤੇ ਦੁਪਹਿਰ 2 ਵਜੇ ਤੱਕ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਉਕਤ ਸੀਟ ‘ਤੇ ਕਿਸ ਦੀ ਜਿੱਤ ਹੋਈ ਹੈ। ਹਾਾਲਾਂਕਿ ਘੱਟ ਵੋਟ ਪ੍ਰਤੀਸ਼ਤਤਾ ਨੇ ਸਾਰੀਆਂ ਪਾਰਟੀਆਂ ਦੀ ਚਿੰਤਾ ਵਧਾ ਦਿੱਤੀ ਹੈ। 10 ਜੁਲਾਈ ਨੂੰ ਹੋਈ ਵੋਟਿੰਗ ਵਿੱਚ ਸਿਰਫ਼ 54.90% ਵੋਟਾਂ ਪਈਆਂ ਸਨ। ਇਹ ਵੋਟ ਪ੍ਰਤੀਸ਼ਤ ਪਿਛਲੇ ਤਿੰਨ ਦਹਾਕਿਆਂ ਵਿੱਚ ਸਭ ਤੋਂ ਘੱਟ ਰਹੀ ਹੈ।
ਜਲੰਧਰ ਪੱਛਮੀ ਸੀਟ ‘ਤੇ ਤਿਕੋਣਾ ਮੁਕਾਬਲਾ ਹੈ। ਜਿਸ ਵਿੱਚ ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਣ ਲੜ ਰਹੇ ਹਨ।
ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 ‘ਚ ਭਾਜਪਾ, 2017 ‘ਚ ਕਾਂਗਰਸ ਅਤੇ 2022 ‘ਚ ‘ਆਪ’ ਨੇ ਸੀਟ ਜਿੱਤੀ ਸੀ।
ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ
ਜਾਣਕਾਰੀ ਮੁਤਾਬਕ ਇਸ ਵਾਰ ਵੋਟਾਂ ਦੀ ਗਿਣਤੀ ਖਾਲਸਾ ਕਾਲਜ (ਮਹਿਲਾ), ਜਲੰਧਰ ਵਿਖੇ ਹੋਵੇਗੀ। ਇਸ ਦੌਰਾਨ ਚੋਣ ਅਧਿਕਾਰੀਆਂ, ਕੇਂਦਰੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲੀਸ ਵੱਲੋਂ ਸਖ਼ਤ ਚੌਕਸੀ ਰੱਖੀ ਜਾਵੇਗੀ। ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਦੱਸ ਦੇਈਏ ਕਿ ਉਕਤ ਸੀਟ ‘ਤੇ ਤਿਕੋਣਾ ਮੁਕਾਬਲਾ ਹੈ, ਸਾਰੇ ਉਮੀਦਵਾਰ ਆਪੋ-ਆਪਣੇ ਪੱਖ ਨੂੰ ਦੇਖਦੇ ਹੋਏ ਮਜ਼ਬੂਤ ਹਨ। ਅਜਿਹੇ ‘ਚ ਇਸ ਸੀਟ ‘ਤੇ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਹੈ।