ਜਲੰਧਰ ਵਿੱਚ ਸ਼ਿਵਸੈਨਾ ਅਤੇ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ
‘ਦ ਖ਼ਾਲਸ ਬਿਊਰੋ :- ਫਿਲਮ ਲਾਲ ਸਿੰਘ ਚੱਢਾ ਪੂਰੇ ਭਾਰਤ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਚੰਗੀ ਓਪਨਿੰਗ ਮਿਲੀ ਹੈ ਪਰ ਫਿਲਮ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਮਿਰ ਖ਼ਾਨ ਖਿਲਾਫ਼ ਮੁਹਿੰਮ ਚਲਾਉਣ ਵਾਲੀਆਂ ਹਿੰਦੂ ਜਥੇਬੰਦੀਆਂ ਹੁਣ ਸਿਨੇਮਾ ਹਾਲ ਪਹੁੰਚ ਕੇ ਫਿਲਮ ਦਾ ਵਿਰੋਧ ਕਰ ਰਹੀਆਂ ਹਨ। ਜਲੰਧਰ ਵਿੱਚ ਸ਼ਿਵਸੈਨਾ ਹਿੰਦੂ, ਸ਼ਿਵਸੈਨਾ ਬਾਲ ਠਾਕਰੇ, ਬਜਰੰਗ ਦਲ ਦੇ ਆਗੂ MBD ਮਾਲ ਪਹੁੰਚੇ ਅਤੇ ਫਿਲਮ ਬੰਦ ਕਰਵਾ ਦਿੱਤੀ। ਜਿਵੇਂ ਹੀ ਸਿੱਖ ਜਥੇਬੰਦੀਆਂ ਨੂੰ ਇਸ ਦੀ ਜਾਣਕਾਰੀ ਮਿਲੀ, ਉਹ ਵੀ ਮਾਲ ਦੇ ਬਾਹਰ ਪਹੁੰਚੇ ਅਤੇ ਸਾਫ਼ ਕੀਤਾ ਕਿ ਜੇਕਰ ਕਿਸੇ ਨੇ ਵੀ ਆਮਿਰ ਖ਼ਾਨ ਦੀ ਫਿਲਮ ਨੂੰ ਮੁੜ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਵਿਰੋਧ ਕਰਨਗੇ।
ਸਿੱਖ ਜਥੇਬੰਦੀਆਂ ਨੇ ਸਿਨੇਮਾ ਮਾਲਿਕਾਂ ਨੂੰ ਸਾਫ਼ ਕਿਹਾ ਕਿ ਫਿਲਮ ਲਾਲ ਸਿੰਘ ਚੱਢਾ ਦਾ ਸ਼ੋਅ ਬੰਦ ਨਹੀਂ ਚਾਹੀਦਾ ਹੈ। ਫਿਲਮ ਲਾਲ ਸਿੰਘ ਚੱਢਾ ਦੀ ਹਮਾਇਤ ਵਿੱਚ ਉੱਤਰੇ ਸਿੱਖ ਆਗੂਆਂ ਨੇ ਕਿਹਾ ਕਿ ਸਿਰਫ਼ ਜਲੰਧਰ ਵਿੱਚ ਨਹੀਂ, ਪੂਰੇ ਪੰਜਾਬ ਵਿੱਚ ਜੇਕਰ ਕਿਤੇ ਵੀ ਫਿਲਮ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡੱਟ ਕੇ ਇਸ ਦਾ ਮੁਕਾਬਲਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸ਼ਿਵਸੈਨਾ ਦੀ ਗੁੰ ਡਾਗਰਦੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।
ਸਿੱਖ ਆਗੂਆਂ ਦਾ ਇਲਜ਼ਾਮ
ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਸ਼ਿਵਸੈਨਾ ਦੇ ਆਗੂਆਂ ‘ਤੇ ਇਲਜ਼ਾਮ ਲਗਾਇਆ ਹੈ ਕਿ ਉਹ ਮਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਇਸ ਲਈ ਇੱਥੇ ਆਏ ਨੇ ਕਿਉਂਕਿ ਆਮਿਰ ਖ਼ਾਨ ਨੇ ਇੱਕ ਸਾਬਤ ਸੂਰਤ ਸਿੱਖ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਨੇ ਨਕਲੀ ਦਾੜਾ ਪ੍ਰਕਾਸ਼ ਨਹੀਂ ਕੀਤਾ ਹੈ ਬਲਕਿ ਅਸਲੀ ਵਿੱਚ ਕੇਸਾ ਦੀ ਸੰਭਾਲ ਕੀਤੀ ਅਤੇ ਬਿਲਕੁਲ ਦਿਲ ਤੋਂ ਸਿੱਖ ਦਾ ਕਿਰਦਾਰ ਨਿਭਾਇਆ। ਸਿਰਫ਼ ਇੰਨਾਂ ਹੀ ਨਹੀਂ, ਫਿਲਮ ਨੂੰ SGPC ਨੇ ਵੀ ਆਪਣੀ ਹਰੀ ਝੰਡੀ ਦਿੱਤੀ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਜਿਹੜੀ ਫਿਲਮ ‘ਤੇ ਸ਼ਿਵਸੈਨਾ ਅਤੇ ਹੋਰ ਹਿੰਦੂ ਸੰਗਠਨ ਇਤਰਾਜ਼ ਜਤਾ ਰਹੇ ਨੇ, ਉਹ 2016 ਵਿੱਚ ਰਿਲੀਜ਼ ਹੋਈ, ਉਸ ਵੇਲੇ ਉਨ੍ਹਾਂ ਨੇ ਵਿਰੋਧ ਕਿਉਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਆਮਿਰ ਖ਼ਾਨ ਦੀ ਫਿਲਮ ਸੰਦੇਸ਼ ਦੇਣ ਵਾਲੀ ਹੁੰਦੀ ਹੈ, ਜਿਸ ਕਿਰਦਾਰ ਨੂੰ ਉਹ ਨਿਭਾਉਂਦੇ ਹਨ, ਉਹ ਉਸ ਵਿੱਚ ਡੁੱਬ ਜਾਂਦੇ ਹਨ।
ਫਿਲਮ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਦਾ ਇਤਰਾਜ਼
ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆਂ ਉੱਤੇ ਬਾਇਕਾਟ ਲਾਲ ਸਿੰਘ ਚੱਢਾ ਮੁਹਿੰਮ ਚੱਲ ਰਹੀ ਸੀ। ਇਸ ਦੇ ਪਿੱਛੇ ਤਰਕ ਦਿੱਤਾ ਗਿਆ ਸੀ ਕਿ PK ਫਿਲਮ ਵਿੱਚ ਆਮਿਰ ਖ਼ਾਨ ਨੇ ਹਿੰਦੂ ਭਗਵਾਨ ਦਾ ਮਜ਼ਾਕ ਉਡਾਇਆ ਸੀ। ਇਸ ਤੋਂ ਇਲਾਵਾ ਆਮਿਰ ਖ਼ਾਨ ਵੱਲੋਂ ਨਿਊਜ਼ ਚੈੱਨਲ ਨੂੰ ਦਿੱਤਾ ਬਿਆਨ ਵੀ ਫਿਲਮ ਦੇ ਬੈਨ ਦੀ ਵਜ੍ਹਾ ਬਣ ਰਿਹਾ ਹੈ, ਜਿਸ ਵਿੱਚ ਆਮਿਰ ਖ਼ਾਨ ਨੇ ਕਿਹਾ ਸੀ ਕਿ ਦੇਸ਼ ਦੇ ਹਾਲਤ ਵੇਖ ਦੇ ਹੋਏ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਡਰ ਲੱਗ ਰਿਹਾ ਹੈ।