Punjab

ਜਲੰਧਰ ’ਚ ਰੇਲਵੇ ਲਾਈਨ ’ਤੇ ਨੌਜਵਾਨ ਨੂੰ ਮਾਰੀ ਗੋਲ਼ੀ, ਹਾਲਤ ਗੰਭੀਰ

ਬਿਊਰੋ ਰਿਪੋਰਟ: ਜਲੰਧਰ ਤੋਂ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ। ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਇਲਾਕੇ ਕਮਲ ਵਿਹਾਰ ਵਿੱਚ ਸ਼ਨੀਵਾਰ ਦੀ ਰਾਤ ਦੇਰ ਨੂੰ ਰੇਲਵੇ ਲਾਈਨ ਦੇ ਕੋਲ ਬੈਠੇ ਇੱਕ ਨੌਜਵਾਨ ਨੂੰ ਉਥੋਂ ਲੰਘ ਰਹੇ ਹੋਰ ਕੁਝ ਨੌਜਵਾਨਾਂ ਵਿੱਚੋਂ ਇੱਕ ਨੇ ਗੋਲ਼ੀ ਮਾਰ ਦਿੱਤੀ। ਇਹ ਨੌਜਵਾਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਥੋਂ ਫਰਾਰ ਹੋ ਗਏ।

ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਗੰਭੀਰ ਹਾਲਤ ਵਿੱਚ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਨੌਜਵਾਨ ਦੀ ਪਹਿਚਾਣ ਮਨੀਸ਼ ਕੁਮਾਰ ਪੁੱਤਰ ਵਿਜੈ ਕੁਮਾਰ ਨਿਵਾਸੀ ਮੁਹੱਲਾ ਨਾਰਾਇਣ ਸਿੰਘ ਕਮਲ ਵਿਹਾਰ, ਬਸ਼ੀਰਪੁਰਾ ਵਜੋਂ ਹੋਈ ਹੈ।

ਹਾਸਲ ਜਾਣਕਾਰੀ ਮੁਤਾਬਕ ਮਨੀਸ਼ ਕੇਬਲ ਆਪਰੇਟਰ ਦਾ ਕੰਮ ਕਰਦਾ ਹੈ। ਪੁਲਿਸ ਮਨੀਸ਼ ਨੂੰ ਗੋਲੀ ਮਾਰਣ ਵਾਲੇ ਮੁਲਜ਼ਮ ਨੌਜਵਾਨਾਂ ਦੀ ਭਾਲ਼ ਕਰ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਵੀਡੀਓ ਵੀ ਚੈੱਕ ਕੀਤੇ ਜਾ ਰਹੇ ਹਨ। ਇੱਕ ਹੋਰ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ 4 ਤੋਂ 5 ਨੌਜਵਾਨ ਇੱਕ ਗਲੀ ਵਿੱਚ ਖੜੇ ਹੋਏ ਨਜ਼ਰ ਆ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੌਜਵਾਨਾਂ ਵਿੱਚੋਂ ਹੀ ਇੱਕ ਨੇ ਮਨੀਸ਼ ਨੂੰ ਰੇਲਵੇ ਲਾਈਨ ’ਤੇ ਗੋਲ਼ੀ ਮਾਰੀ ਹੈ।