ਪੰਜਾਬੀ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਜਲੰਧਰ ਪੱਛਮੀ ਹਲਕੇ ਵਿੱਚ ਹੋਏ ਦਰਦਨਾਕ ਕਾਂਡ ਨੂੰ ਲੈ ਕੇ ਭਾਵੁਕ ਅਪੀਲ ਕੀਤੀ ਹੈ। ਇੱਕ 13 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਸ਼ਾਹਕੋਟ ਦੇ ਰਹਿਣ ਵਾਲੇ ਮਾਸਟਰ ਸਲੀਮ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਪੋਸਟ ਕਰਕੇ ਸਿੱਧੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਤੁਰੰਤ ਦਖਲ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਜ਼ਰੂਰ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਇਤਿਹਾਸ ਬਣ ਜਾਵੇ ਤਾਂ ਜੋ ਸਮਾਜ ਵਿੱਚ ਕੋਈ ਵੀ ਦੁਬਾਰਾ ਅਜਿਹਾ ਜੁਰਮ ਕਰਨ ਦੀ ਹਿੰਮਤ ਨਾ ਕਰ ਸਕੇ।ਆਪਣੀ ਵੀਡੀਓ ਵਿੱਚ ਮਾਸਟਰ ਸਲੀਮ ਬਹੁਤ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ, “ਉਸ 13 ਸਾਲ ਦੀ ਬੱਚੀ ਬਾਰੇ ਸੋਚ ਕੇ ਮੇਰਾ ਗਲਾ ਰੁੱਕ ਜਾਂਦਾ ਹੈ, ਮੇਰੀ ਰੂਹ ਕੰਬ ਜਾਂਦੀ ਹੈ। ਮੇਰਾ ਮੰਨਣਾ ਹੈ ਕਿ ਅਜਿਹੇ ਦਰਿੰਦਿਆਂ ਨੂੰ ਮੌਕੇ ’ਤੇ ਹੀ ਮਾਰ ਦੇਣਾ ਚਾਹੀਦਾ ਹੈ। ਪਰ ਸਾਡਾ ਦੇਸ਼ ਕਾਨੂੰਨ ਨਾਲ ਚੱਲਦਾ ਹੈ, ਇਸ ਲਈ ਬੱਚੀ ਦੀ ਮਾਂ ਨੂੰ ਪੂਰਾ ਇਨਸਾਫ਼ ਮਿਲਣਾ ਚਾਹੀਦਾ ਹੈ।”
ਉਨ੍ਹਾਂ ਜਲੰਧਰ ਦੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ, ਵਕੀਲਾਂ, ਜੱਜਾਂ, ਪੁਲਿਸ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਵੀ ਸਿੱਧੀ ਅਪੀਲ ਕੀਤੀ ਕਿ ਸਾਰੇ ਇਕੱਠੇ ਹੋ ਕੇ ਇਸ ਬੱਚੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀ ਨੂੰ ਫਾਂਸੀ ਦੇ ਤਖਤੇ ’ਤੇ ਲਿਆਉਣ। ਉਨ੍ਹਾਂ ਨੇ ਸਪੱਸ਼ਟ ਕਿਹਾ, “ਮੁੱਖ ਮੰਤਰੀ ਸਾਹਿਬ, ਇਸ ਬੰਦੇ ਨੂੰ ਫਾਂਸੀ ਦੇਣੀ ਹੀ ਚਾਹੀਦੀ ਹੈ।”
ਮਾਸਟਰ ਸਲੀਮ ਨੇ ਸਮਾਜ ਨੂੰ ਵੀ ਜਗਾਇਆ ਕਿ ਸਾਡੇ ਸਾਰਿਆਂ ਦੀਆਂ ਧੀਆਂ ਹਨ, ਸਾਡੇ ਬੱਚੇ ਹਨ। ਅੱਜ ਸਾਨੂੰ ਸੋਚਣਾ ਪਵੇਗਾ ਕਿ ਕੀ ਪੰਜਾਬ ਵਿੱਚ ਸਾਡੀਆਂ ਕੁੜੀਆਂ ਸੁਰੱਖਿਅਤ ਹਨ? ਜੋ ਲੋਕ ਕੁੜੀਆਂ ਨਾਲ ਅਜਿਹੇ ਜ਼ੁਲਮ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਧੀਆਂ ਸਭ ਦੀ ਜਾਇਦਾਦ ਹਨ, ਸਾਰਿਆਂ ਨੂੰ ਇਕੱਠੇ ਹੋ ਕੇ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।”
ਇਸ ਘਟਨਾ ਨਾਲ ਪੂਰੇ ਪੰਜਾਬ ਵਿੱਚ ਗੁੱਸਾ ਫੈਲਿਆ ਹੋਇਆ ਹੈ। ਕਲਾਕਾਰ, ਧਾਰਮਿਕ ਸਮੂਹ ਤੇ ਸਮਾਜਿਕ ਸੰਗਠਨ ਵੀ ਆਪਣੇ ਤਰੀਕੇ ਨਾਲ ਪਰਿਵਾਰ ਨਾਲ ਹਮਦਰਦੀ ਜਤਾ ਰਹੇ ਹਨ ਤੇ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ।

