ਬਿਉਰੋ ਰਿਪੋਰਟ : ਜਲੰਧਰ ਦੇ ਨੌਜਵਾਨ ਦੀ ਕੈਨੇਡਾ ਤੋਂ ਮਾੜੀ ਖਬਰ ਸਾਹਮਣੇ ਆਈ ਹੈ । ਪਿੰਡ ਨੌਲੀ ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ ਗੱਗੂ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਉਹ 6 ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ । ਉਸ ਦੀ ਮੌਤ ਦਾ ਕਾਰਨ ਹੁਣ ਤੱਕ ਪਤਾ ਨਹੀਂ ਚੱਲਿਆ ਹੈ । ਪਰਿਵਾਰ ਮੁਤਾਬਿਕ ਗੱਗੂ ਟੋਰੰਟੋ ਹਵਾਈ ਅੱਡੇ ਤੋਂ ਉਤਰ ਕੇ ਆਪਣੇ ਜਾਣਕਾਰੀ ਦੇ ਕੋਲ ਓਂਟਾਰੀਓ ਦੇ ਸ਼ਹਿਰ ਬੈਰੀ ਵਿੱਚ ਗਿਆ ਸੀ । ਉਹ ਪਹੁੰਚ ਕੇ ਬਿਲਕੁਲ ਠੀਕ ਸੀ।
ਪਰਿਵਾਰ ਨੇ ਦੱਸਿਆ ਕਿ ਗਗਨਦੀਪ ਦੀ ਅਚਾਨਕ ਗੱਲਬਾਤ ਕਰਦੇ-ਕਰਦੇ ਤਬੀਅਤ ਵਿਗੜੀ ਅਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ । ਪਰਿਵਾਰ ਨੇ ਲੱਖਾਂ ਰੁਪਏ ਖਰਚ ਕਰਕੇ ਪੁੱਤਰ ਗਗਨਦੀਪ ਉਰਫ ਗੱਗੂ ਨੂੰ ਕੈਨੇਡਾ ਭੇਜਿਆ। ਪਰਿਵਾਰ ਨੂੰ ਪੁੱਤਰ ਦੇ ਕੈਨੇਡਾ ਜਾਣ ਤੋਂ ਬਾਅਦ ਕਾਫੀ ਉਮੀਦਾਂ ਸੀ। ਪਰ ਕੁਝ ਦਿਨਾਂ ਵਿੱਚ ਸਾਰੇ ਸੁਪਣੇ ਟੁੱਟ ਗਏ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗਗਨਦੀਪ ਦਾ ਵਿਆਹ ਹਾਲ ਹੀ ਵਿੱਚ ਹੋਇਆ ਸੀ ।
ਮਾਪਿਆਂ ਦਾ ਬੁਰਾ ਹਾਲ
ਗਗਨਦੀਪ ਸਿੰਘ ਦੇ ਪਿਤਾ ਮੋਹਨ ਲਾਲ ਅਤੇ ਮਾਤਾ ਸੀਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਸੁਪਣਾ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਪੈਸੇ ਇਕੱਠੇ ਕੀਤੇ ਅਤੇ ਉਸ ਨੂੰ ਕੈਨੇਡਾ ਭੇਜਿਆ । ਪਰ ਉੱਥੇ ਪਹੁੰਚ ਦੇ ਹੀ ਗਗਨਦੀਪ ਮੌਤ ਦੇ ਮੂੰਹ ਵਿੱਚ ਚੱਲਾ ਗਿਆ । ਪਿੰਡ ਦੇ ਲੋਕਾਂ ਨੇ ਕਿਹਾ ਗੱਗੂ ਦੇ ਕੈਨੇਡਾ ਜਾਣ ਦੀ ਖੁਸ਼ੀ ਮਾਤਮ ਵਿੱਚ ਬਦਲ ਗਈ । ਅਜਿਹੇ ਵਿੱਚ ਇੱਕ ਵੱਡਾ ਸਵਾਲ ਇਹ ਹੈ ਕਿ ਗਗਨਦੀਪ ਉਰਫ ਗੁੱਗੂ ਦੀ ਮੌਤ ਹੋਈ ਕਿਵੇਂ?
ਪਰਿਵਾਰ ਮੁਤਾਬਿਕ ਜਿਸ ਤਰ੍ਹਾਂ ਅਚਾਨਕ ਗਗਨਦੀਪ ਦੀ ਹਾਲਤ ਵਿਗੜੀ ਅਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਉਹ ਦਿਲ ਦਾ ਦੌਰਾ ਪੈਣ ਵੱਲ ਇਸ਼ਾਰਾ ਕਰ ਰਿਹਾ ਹੈ। ਪਿਛਲੇ ਡੇਢ ਮਹੀਨੇ ਦੇ ਅੰਦਰ 8 ਪੰਜਾਬੀ ਨੌਜਵਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ । ਫਿਲਹਾਲ ਜਦੋਂ ਤੱਕ ਮੈਡੀਕਲ ਰਿਪੋਰਟ ਨਹੀਂ ਆਉਂਦੀ ਇਸ ਦਾ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ।