India Punjab

ਫਿਰ ਟੁੱਟੀ ਪੰਜਾਬ ਕਾਂਗਰਸ ! ਇਸ ਵਾਰ ਜਲੰਧਰ ਤੋਂ ਵੱਡੇ ਆਗੂ ਨੇ ਦਿੱਤਾ ਅਸਤੀਫ਼ਾ

ਅੰਮ੍ਰਿਤਸਰ,ਮੁਹਾਲੀ ਤੋਂ ਬਾਅਦ ਹੁਣ ਜਲੰਧਰ ਨਗਰ ਨਿਗਮ ਵਿੱਚ ਬਗਾਵਤ

‘ਦ ਖ਼ਾਲਸ ਬਿਊਰੋ : ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਪਾਰਟੀ ਵਿੱਚ ਵੱਧ ਰਹੀ ਬਗਾਵਤ ਨੂੰ ਰੋਕਣ ਵਿੱਚ ਲਗਾਤਾਰ ਨਾਕਾਮਯਾਬ ਸਾਬਿਤ ਹੋ ਰਹੇ ਹਨ। ਕਈ ਸਾਬਕਾ ਮੰਤਰੀ ਪਾਰਟੀ ਛੱਡ ਕੇ ਜਾ ਚੁੱਕੇ ਹਨ। ਮੋਹਾਲੀ ਨਗਰ ਨਿਗਮ ‘ਤੇ ਪੂਰੀ ਤਰ੍ਹਾਂ ਨਾਲ ਹੁਣ ਬੀਜੇਪੀ ਦਾ ਕਬਜ਼ਾ ਹੋ ਗਿਆ ਹੈ। ਅੰਮ੍ਰਿਤਸਰ ਨਗਰ ਨਿਗਮ ਦੇ ਕਾਂਗਰਸੀ ਮੇਅਰ ਕੌਂਸਲਰਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਹੁਣ ਜਲੰਧਰ ਨਗਰ ਨਿਗਮ ਵਿੱਚ ਵੀ ਵੱਡੀ ਬਗਾਵਤ ਹੋਈ ਹੈ,ਜਲੰਡਰ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਆਪਣੇ ਅਹੁਦੇ ਤੋਂ ਇਲਾਵਾਂ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਪਿੱਛੇ ਕਿ ਕਾਰਨ ਹੈ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਨਗਰ ਨਿਗਮ ਦੇ ਅੰਦਰ ਆਗੂਆਂ ਦੀ ਆਪਸੀ ਖਿੱਚੋਤਾਣ ਦੀ ਵਜ੍ਹਾ ਕਰਕੇ ਹਰਸਿਮਰਨਜੀਤ ਸਿੰਘ ਬੰਟੀ ਨੇ ਅਸਤੀਫ਼ਾ ਦਿੱਤਾ ਹੈ।

ਮੋਹਾਲੀ ਨਗਰ ਨਿਗਮ ਵੀ ਕਾਂਗਰਸ ਦੇ ਹੱਥੋਂ ਗਈ

ਮੋਹਾਲੀ ਦੇ ਡਿਪਟੀ ਅਤੇ ਸੀਨੀਅਰ ਡਿਪਟੀ ਮੇਅਰ ਦੇ ਬਾਗ਼ੀ ਸੁਰਾਂ ਤੋਂ ਬਾਅਦ 8 ਜੁਲਾਈ ਨੂੰ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦੋਵਾਂ ਨੂੰ ਪਾਰਟੀ ਤੋਂ 6 ਸਾਲਾਂ ਦੇ ਲਈ ਕੱਢ ਦਿੱਤਾ ਸੀ । ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਬੀਜੇਪੀ ਵਿੱਚ ਸ਼ਾਮਲ ਹੋਏ। ਕਾਂਗਰਸ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਨਾਂ ਖ਼ਾਸ ਮੰਨਿਆ ਜਾਂਦਾ ਸੀ। ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਪਹਿਲਾਂ ਹੀ ਆਪਣੇ ਭਰਾ ਬਲਬੀਰ ਸਿੱਧੂ ਦੇ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਇਸ ਦੇ ਬਾਵਜੂਦ ਡਿਪਟੀ ਅਤੇ ਸੀਨਿਅਰ ਡਿਪਟੀ ਮੇਅਰ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ ਸੀ, ਉਨ੍ਹਾਂ ਨੇ ਪਾਰਟੀ ਨੂੰ ਚਿਤਾਵਨੀ ਦਿੱਤੀ ਸੀ ਕਿ ਭਾਵੇਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਵੇ ਪਰ ਉਹ ਮੇਅਰ ਅਮਰਜੀਤ ਸਿੰਘ ਦੇ ਚੰਗੇ ਕੰਮਾਂ ਵਿੱਚ ਸਾਥ ਜ਼ਰੂਰ ਦੇਣਗੇ। ਮੋਹਾਲੀ ਨਗਰ ਨਿਗਮ ਬਣਨ ਤੋਂ ਬਾਅਦ 2020 ਵਿੱਚ ਪਹਿਲੀ ਵਾਰ ਕਾਂਗਰਸ ਨੇ ਇਸ ‘ਤੇ ਕਬਜ਼ਾ ਕੀਤਾ ਸੀ।