Punjab

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 10 ਕਿਲੋ ਹੈਰੋਇਨ ਸਣੇ 4 ਤਸਕਰਾਂ ਨੂੰ ਕੀਤਾ ਕਾਬੂ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦੀ ਟੀਮ ਨੇ ਸਰਹੱਦ ਪਾਰ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 10 ਕਿਲੋ ਹੈਰੋਇਨ ਬਰਾਮਦ ਕੀਤੀ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਖੁਲਾਸਾ ਕੀਤਾ ਹੈ।

DGP ਗੌਰਵ ਯਾਦਵ ਨੇ ਟਵੀਟ ‘ਚ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ- ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 10 ਕਿਲੋ ਹੈਰੋਇਨ ਬਰਾਮਦ ਕੀਤੀ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਅੱਗੇ ਲਿਖਿਆ ਕਿ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਮੁਲਜ਼ਮਾਂ ਦਾ ਸਬੰਧ ਪਾਕਿਸਤਾਨ ਸਥਿਤ ਤਸਕਰਾਂ ਨਾਲ ਸੀ। ਇਸ ਤੋਂ ਪਹਿਲਾਂ ਇੱਕ ਵਿਅਕਤੀ 1 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਫੜਿਆ ਗਿਆ ਸੀ। ਉਨ੍ਹਾਂ ਕਿਹਾ ਪੰਜਾਬ ਪੁਲਿਸ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।

ਫਿਲਹਾਲ ਸੀ.ਆਈ.ਏ ਸਟਾਫ਼ ਜਲੰਧਰ ਸਿਟੀ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਮੁਲਜ਼ਮਾਂ ਵੱਲੋਂ ਇਹ ਸਾਰਾ ਨਸ਼ਾ ਸਰਹੱਦ ਪਾਰ ਤੋਂ ਲਿਆਂਦਾ ਜਾ ਰਿਹਾ ਸੀ। ਇਸ ਗੱਲ ਦੀ ਜਾਂਚ ਜਾਰੀ ਹੈ ਕਿ ਮੁਲਜ਼ਮ ਸਰਹੱਦ ‘ਤੇ ਕਿਹੜੇ ਨਸ਼ਾ ਤਸਕਰ ਨਾਲ ਜੁੜੇ ਹੋਏ ਸਨ।

ਇਸ ਮਾਮਲੇ ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ

ਦੱਸ ਦੇਈਏ ਕਿ ਪੁਲਿਸ ਨੇ 9 ਸਤੰਬਰ ਨੂੰ ਫ਼ਿਰੋਜ਼ਪੁਰ ਦੇ ਪਿੰਡ ਭੰਗੋਵਾਲਾ ਦੇ ਰਹਿਣ ਵਾਲੇ ਬਦਨਾਮ ਨਸ਼ਾ ਤਸਕਰ ਛਿੰਦਾ ਸਿੰਘ ਪੁੱਤਰ ਬੋਹੜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਮਗਰੋਂ ਹਰਜਿੰਦਰ ਪਾਲ ਸਿੰਘ ਪੁੱਤਰ ਬਲਵੰਤ ਸਿੰਘ, ਵੀਰ ਸਿੰਘ ਪੁੱਤਰ ਕਾਲਾ ਸਿੰਘ, ਸੁਰਮੁੱਖ ਸਿੰਘ ਪੁੱਤਰ ਮੰਗਲ ਸਿੰਘ ਅਤੇ ਮਲੂਕ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਫ਼ਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰ ਲਿਆ।