Punjab

ਜਲੰਧਰ ਬੱਚੀ ਕਤਲ ਕੇਸ – ਪੁਲਿਸ ’ਤੇ ਧਮਕਾਉਣ ਦੇ ਇਲਜ਼ਾਮ, ਪੀੜਤ ਪਰਿਵਾਰ ਨੂੰ ਖ਼ਤਰਾ ਪੈਦਾ ਕਰਨ ਦੀ ਧਮਕੀ

ਬਿਊਰੋ ਰਿਪੋਰਟ (ਜਲੰਧਰ, 28 ਨਵੰਬਰ 2025): ਜਲੰਧਰ ਪੱਛਮੀ ਵਿੱਚ 13 ਸਾਲ ਦੀ ਬੱਚੀ ਦੇ ਕਤਲ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਪੀੜਤ ਪਰਿਵਾਰ ਨੇ ਪੁਲਿਸ ਅਧਿਕਾਰੀਆਂ ’ਤੇ ਉਨ੍ਹਾਂ ਨੂੰ ਧਮਕਾਉਣ ਅਤੇ ‘ਬਦਤਮੀਜ਼ੀ’ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਪਰਿਵਾਰ ਨੇ ਡੀ.ਐੱਸ.ਪੀ. ਗਗਨਦੀਪ ਸਿੰਘ ਅਤੇ ਐੱਸ.ਐੱਚ.ਓ. ਮਨਜਿੰਦਰ ਸਿੰਘ ਦੇ ਖਿਲਾਫ਼ ਮਹਿਲਾ ਕਮਿਸ਼ਨ, ਬਾਲ ਸੁਰੱਖਿਆ ਕਮਿਸ਼ਨ ਅਤੇ ਡੀ.ਜੀ.ਪੀ. ਪੰਜਾਬ ਨੂੰ ਇੱਕ ਲਿਖਤੀ ਸ਼ਿਕਾਇਤ ਭੇਜੀ ਹੈ। ਇਸ ਸ਼ਿਕਾਇਤ ਪੱਤਰ ਦੀ ਕਾਪੀ ਹੁਣ ਸਾਹਮਣੇ ਆ ਗਈ ਹੈ।

ਸ਼ਿਕਾਇਤ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਦੋਵਾਂ ਅਧਿਕਾਰੀਆਂ ਨੇ ਪਰਿਵਾਰ ਨੂੰ ਕੇਸ ਵਾਪਸ ਲੈਣ ਲਈ ਡਰਾਇਆ-ਧਮਕਾਇਆ ਹੈ। ਲੜਕੀ ਦੀ ਮਾਂ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਅਧਿਕਾਰੀ ਉਨ੍ਹਾਂ ਦੇ ਘਰ ਆਏ ਅਤੇ ਕਿਹਾ ਕਿ ਏ.ਐੱਸ.ਆਈ. ਮੰਗਤ ਰਾਮ ਦੇ ਖਿਲਾਫ ਕੋਈ ਕਾਰਵਾਈ ਨਾ ਕਰਵਾਈ ਜਾਵੇ। ਜੇਕਰ ਅਜਿਹਾ ਕੀਤਾ ਗਿਆ, ਤਾਂ “ਸਰਕਾਰੀ ਨੌਕਰੀ ਕਰ ਰਹੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਖ਼ਤਰੇ ਵਿੱਚ ਪਾ ਦਿਆਂਗੇ।”

ਬੱਚੀ ਦੀ ਮਾਂ ਨੇ ਕਿਹਾ ਕਿ ਉਸਨੂੰ ਇਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਖ਼ਤਰਾ ਹੈ। ਉਸਨੇ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਇਹ ਅਫ਼ਸਰ ਉਸਦੀ ਬੇਟੀ ਦੇ ਮੁਕੱਦਮੇ ਨੂੰ ਕਮਜ਼ੋਰ ਕਰ ਸਕਦੇ ਹਨ, ਇਸ ਲਈ ਇਹ ਬਹੁਤ ਹੀ ਗੰਭੀਰ ਮਸਲਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦੋਵਾਂ ਅਧਿਕਾਰੀਆਂ ਖ਼ਿਲਾਫ਼ ਪੁਲਿਸ ਕਾਰਵਾਈ ਕਰੇ ਅਤੇ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਵੇ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ।

ਇਸ ਮਾਮਲੇ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਗਲੀ ਦੀਆਂ ਔਰਤਾਂ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰ ਰਹੀਆਂ ਹਨ ਅਤੇ ਅਧਿਕਾਰੀ ਸਾਹਮਣੇ ਤੋਂ ਮੁਸਕਰਾ ਰਹੇ ਹਨ।