ਬਿਉਰੋ ਰਿਪੋਰਟ: ਜਲੰਧਰ ਵਿੱਚ ਅੱਜ ਯਾਨੀ 8 ਜੂਨ ਨੂੰ ਸ਼ਾਮ ਕਰੀਬ 5 ਵਜੇ ਤੱਕ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਹੋਣ ਜਾ ਰਹੀ ਉਪ ਚੋਣ ਲਈ ਹਰ ਪਾਰਟੀ ਦੇ ਸੀਨੀਅਰ ਆਗੂ ਜਲੰਧਰ ਵਿੱਚ ਬੈਠ ਕੇ ਚੋਣ ਪ੍ਰਚਾਰ ਕਰ ਰਹੇ ਹਨ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਸ਼ਾਮ 5 ਵਜੇ ਤੋਂ ਬਾਅਦ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਜਿਵੇਂ ਰੋਡ ਸ਼ੋਅ, ਜਨਤਕ ਮੀਟਿੰਗਾਂ, ਜਲੂਸ ’ਤੇ ਮੁਕੰਮਲ ਪਾਬੰਦੀ ਰਹੇਗੀ। ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਵਿੱਚ ਸ਼ਾਂਤਮਈ ਮਾਹੌਲ ਬਣੇਗਾ।
ਵੋਟਾਂ ਤੋਂ ਪਹਿਲਾਂ 48 ਘੰਟੇ ਤੱਕ ਦੀ ਮਿਆਦ ਨੂੰ ‘ਸਾਈਲੈਂਟ ਪੀਰੀਅਡ’ ਵਜੋਂ ਗਿਣਿਆ ਜਾਂਦਾ ਹੈ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਦੇ ਤਹਿਤ, ਇਹ ਸਮਾਂ ਸੀਮਾ ਵੋਟਿੰਗ ਤੋਂ ਬਾਅਦ ਆਪਣੇ ਆਪ ਖ਼ਤਮ ਹੋ ਜਾਂਦੀ ਹੈ। ਸ਼ਹਿਰ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਜਲੰਧਰ ਵੈਸਟ ਵਿੱਚ ਅੱਜ ਸ਼ਾਮ ਤੋਂ ਸ਼ਾਂਤਮਈ ਦੌਰ ਸ਼ੁਰੂ ਹੋਣ ਤੋਂ ਬਾਅਦ ਟੈਲੀਵਿਜ਼ਨ ਜਾਂ ਹੋਰ ਪਲੇਟਫਾਰਮਾਂ ’ਤੇ ਚੋਣ ਸਬੰਧੀ ਕਿਸੇ ਵੀ ਤਰ੍ਹਾਂ ਦਾ ਸਰਵੇਖਣ ਚਲਾਉਣ ’ਤੇ ਪਾਬੰਦੀ ਲੱਗ ਸਕਦੀ ਹੈ। ਧਾਰਾ 126 ਤਹਿਤ ਅਜਿਹਾ ਕੋਈ ਕੰਮ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਸ ਦੌਰਾਨ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਸਿਆਸੀ ਇਸ਼ਤਿਹਾਰ ਵੀ ਨਹੀਂ ਚਲਾਏ ਜਾਣਗੇ।
ਇਸ ਦੇ ਨਾਲ ਹੀ ਜ਼ਿਮਨੀ ਚੋਣ ਲਈ ਜਲੰਧਰ ਵਿੱਚ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਹਨ ਕਿ 8 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਜਿਸ ਤੋਂ ਬਾਅਦ ਉਕਤ ਸ਼ਰਾਬ ਦੀਆਂ ਦੁਕਾਨਾਂ 10 ਜੁਲਾਈ ਨੂੰ ਸ਼ਾਮ 7 ਵਜੇ ਦੇ ਕਰੀਬ ਖੁੱਲ੍ਹਣਗੀਆਂ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।