ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸਦੀ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ।
ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ‘ਅੱਜ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੇ ਕਾਗਜ਼ ਭਰੇ ਜਾਣਗੇ । ਉਮੀਦ ਹੈ ਕਿ ਜਲੰਧਰ ਲੋਕ ਸਭਾ ਦੇ ਲੋਕ ਇਸ ਚੋਣ ਵਿੱਚ ਸਾਡਾ ਮਾਣ ਰੱਖਣਗੇ ਤਾਂ ਕਿ ਅਸੀਂ ਦੁੱਗਣੇ-ਚੌਗੁਣੇ ਹੌਸਲੇ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਦੇ ਰਹੀਏ। ਮਿਲਦੇ ਹਾਂ ਅੱਜ ਜਲੰਧਰ ਵਿਖੇ..’
ਅੱਜ ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੇ ਕਾਗਜ਼ ਭਰੇ ਜਾਣਗੇ …ਉਮੀਦ ਹੈ ਕਿ ਜਲੰਧਰ ਲੋਕ ਸਭਾ ਦੇ ਲੋਕ ਇਸ ਚੋਣ ਚ ਸਾਡਾ ਮਾਣ ਰੱਖਣਗੇ ਤਾਂ ਕਿ ਅਸੀਂ ਦੁੱਗਣੇ-ਚੌਗੁਣੇ ਹੌਸਲੇ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰਦੇ ਰਹੀਏ…ਮਿਲਦੇ ਹਾਂ ਅੱਜ ਜਲੰਧਰ ਵਿਖੇ..
— Bhagwant Mann (@BhagwantMann) April 17, 2023
ਦੱਸ ਦਈਏ ਕਿ ਬੀਤੇ ਦਿਨੀਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿੰਕੂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ। ਉਸ ਵੇਲੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪਾਰਟੀ ਸਰਵੇ ਤੋਂ ਬਾਅਦ ਹੀ ਉਮੀਦਵਾਰ ਦਾ ਐਲਾਨ ਕਰੇਗੀ,ਪਰ ਹੈਰਾਨ ਦੀ ਗੱਲ ਇਹ ਹੈ ਕਿ 20 ਘੰਟਿਆਂ ਦੇ ਅੰਦਰ ਹੀ ਸਰਵੇ ਵੀ ਕਰਵਾ ਲਿਆ ਗਿਆ ਅਤੇ ਰਿੰਕੂ ਦੇ ਨਾਂ ‘ਤੇ ਮੋਹਰ ਵੀ ਲਾ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਮਰਹੂਮ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਐਲਾਨਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਜਲੰਧਰ ਦੀ ਇਹ ਲੋਕਸਭਾ ਸੀਟ ਖਾਲੀ ਹੋ ਗਈ ਸੀ। ਹੁਣ ਇਸ ਸੀਟ ’ਤੇ 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ। ਵੱਡਾ ਸਵਾਲ ਇਹ ਹੈ ਕਿ ਇਸ ਸੀਟ ’ਤੇ ਕਿਹੜੀ ਪਾਰਟੀ ਦਾ ਕਬਜ਼ਾ ਹੋਵੇਗਾ।