Punjab

Jalandhar By-election : ਕੁੱਲ 53.5% ਰਹੀ ਵੋਟਿੰਗ ! ਇਨ੍ਹਾਂ ਹਲਕਿਆਂ ਦੀ ਵੋਟਿੰਗ ਨੇ ਦਿੱਤਾ ਇਸ਼ਾਰਾ,ਕੌਣ ਜਿੱਤ ਦੇ ਨੇੜੇ !

ਜਲੰਧਰ : Jalandhar by election 2023 ਜਲੰਧਰ ਜ਼ਿਮਨੀ ਚੋਣ ਦੇ ਲਈ ਵੋਟਿੰਗ ਮੁਕਮਲ ਹੋ ਗਈ ਹੈ । ਦਿਨ ਦੇ ਸ਼ੁਰੂਆਤ ਤੋਂ ਹੀ ਵੋਟਿੰਗ ਦੀ ਰਫਤਾਰ ਸੁਸਤ ਹੀ ਰਹੀ ਅਤੇ ਅਖੀਰ ਤੱਕ ਇਹ ਸਿਲਸਿਲਾ ਜਾਰੀ ਰਿਹਾ । ਪਹਿਲੇ 1 ਘੰਟੇ ਵਿੱਚ 5 ਫੀਸਦੀ ਹੀ ਵੋਟਿੰਗ ਹੋਈ ਸੀ ਅਤੇ ਸ਼ਾਮ 6 ਵਜੇ ਤੱਕ ਜਦੋਂ ਫਾਈਨਲ ਅੰਕੜਾ ਸਾਹਮਣੇ ਆਇਆ ਉਸ ਮੁਤਾਬਿਕ ਸਿਰਫ਼ 53.5 ਫੀਸਦੀ ਲੋਕਾਂ ਨੇ ਆਪਣੇ ਜ਼ਮੂਰੀ ਹੱਕ ਦੀ ਹਦਾਇਤੀ ਕੀਤੀ । ਸਭ ਤੋਂ ਵੱਧ ਵੋਟਿੰਗ ਸ਼ਾਹਕੋਟ ਵਿੱਚ 57 ਫੀਸਦੀ ਵੇਖੀ ਗਈ,ਦੂਜੇ ਨੰਬਰ ‘ਤੇ ਜਲੰਧਰ ਵੈਸਟ ਵਿੱਚ 55.7%, ਤੀਜੇ ‘ਤੇ 55% ਨਾਲ ਫਿਲੌਰ ਰਿਹਾ ,ਚੌਥੇ ‘ਤੇ 54.9% ਨਾਲ ਨਕੋਦਰ,ਫਿਰ ਕਰਤਾਪੁਰ ਵਿੱਚ 54.7% ਲੋਕ ਵੇਟ ਕਰਨ ਲਈ ਘਰ ਤੋਂ ਬਾਹਰ ਨਿਕਲੇ, ਜਲੰਧਰ ਨਾਰਥ 54.4 ਫੀਸਟੀ ਵੋਟਿੰਗ ਹੋਈ,ਆਦਮਪੁਰ 53.4 ਫੀਸਦ,ਜਲੰਧਰ ਸੈਂਟਰ 48.6 ਫੀਸਦ ਅਤੇ ਸਭ ਤੋਂ ਘੱਟ ਜਲੰਧਰ ਕੈਂਟ 48.5 ਫੀਸਦੀ ਦੀ ਵੋਟਿੰਗ ਰਹੀ । ਵੋਟਿੰਗ ਦੇ ਇਸ ਖੇਡ ਤੋਂ ਬਾਅਦ ਸਿਆਸੀ ਪਾਰਟੀਆਂ ਆਪੋ-ਆਪਣੇ ਅੰਕੜੇ ਫਿਟ ਕਰਨ ਵਿੱਚ ਲੱਗ ਚੁੱਕੇ ਹਨ । ਅਸੀਂ ਤੁਹਾਨੂੰ ਅੰਕੜਿਆਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵਿਧਾਨਸਭਾ ਹਲਕਾ ਪੱਧਰ ਤੇ ਹੋਈ ਵੋਟਿੰਗ ਦੇ ਮਾਇਨੇ ਕੀ ਹਨ ।

ਵੋਟਿੰਗ ਤੋਂ ਬਾਅਦ ਜਲੰਧਰ ਦਾ ਸਿਆਸੀ ਸਮੀਕਰਨ

2022 ਦੀਆਂ ਵਿਧਾਨਸਭਾ ਚੋਣਾਂ ਮੁਤਾਬਿਕ ਜਲੰਧਰ ਲੋਕਸਭਾ ਹਲਕੇ ਦੀਆਂ 9 ਵਿਧਾਨਸਭਾ ਸੀਟਾਂ ਵਿੱਚੋ 5 ਕਾਂਗਰਸ ਅਤੇ 4 ਆਪ ਦੇ ਕੋਲ ਸਨ,ਬੀਜੇਪੀ ਅਤੇ ਅਕਾਲੀ ਦਲ ਦਾ ਖਾਤਾ ਵੀ ਨਹੀਂ ਖੁੱਲਿਆ ਸੀ । ਹੁਣ ਤੁਹਾਨੂੰ ਦੱਸ ਦੇ ਹਾਂ ਜਿੰਨਾਂ ਹਲਕਿਆਂ ਵਿੱਚ ਕਾਂਗਰਸ ਦੇ ਵਿਧਾਇਕ ਸਨ ਉੱਥੇ ਵੋਟਿੰਗ ਫੀਸਦ ਕਿੰਨਾਂ ਰਿਹਾ ਅਤੇ ਜਿੱਥੇ ਆਪ ਦੇ ਵਿਧਾਇਕ ਸਨ ਉਨ੍ਹਾਂ ਹਲਕਿਆਂ ਵਿੱਚ ਲੋਕਾਂ ਨੇ ਕਿੰਨੇ ਜੋਸ਼ ਨਾਲ ਵੋਟਿੰਗ ਕੀਤੀ ? ਸਭ ਤੋਂ ਵੱਧ ਵੋਟਿੰਗ ਸ਼ਾਹਕੋਟ ਵਿੱਚ 57 ਫੀਸਦੀ ਹੋਈ ਇਹ ਹਲਕਾ ਕਾਂਗਰਸ ਨੇ ਲਗਾਤਾਰ 2 ਵਾਰ ਜਿੱਤਿਆ ਹੈ । ਇਸ ਹਲਕੇ ਤੋਂ ਵੱਧ ਵੋਟਿੰਗ ਕਾਂਗਰਸ ਦੇ ਲਈ ਚੰਗਾ ਸੰਕੇਤ ਹੈ । ਦੂਜੇ ਨੰਬਰ ‘ਤੇ ਜਲੰਧਰ ਵੈਸਟ ਰਿਹਾ ਜਿੱਥੋਂ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਵੀ ਹਨ ਉਨ੍ਹਾਂ ਦੇ ਹਲਕੇ ਵਿੱਚ 55.7 ਫੀਸਦੀ ਵੋਟਿੰਗ ਹੋਈ,ਇਹ ਸੀਟ 2022 ਦੀਆਂ ਚੋਣਾਂ ਵਿੱਚ ਆਪ ਦੇ ਖਾਤੇ ਵਿੱਚ ਗਈ ਸੀ । ਵੋਟਿੰਗ ਵਿੱਚ ਤੀਜੇ ਨੰਬਰ ‘ਤੇ ਰਿਹਾ ਫਿਲੌਰ ਹਲਕਾ ਜਿੱਥੇ ਸਭ ਤੋਂ ਜਿਆਦਾ ਵੋਟਰ ਹਨ,ਇੱਥੇ 55 ਫੀਸਦੀ ਲੋਕਾਂ ਨੇ ਵੋਟਿੰਗ ਕੀਤੀ ਇਹ ਕਾਂਗਰਸ ਦਾ ਗੜ੍ਹ ਹੈ ਅਤੇ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ ਇਸ ਹਲਕੇ ਤੋਂ ਵਿਧਾਇਕ ਹਨ । ਨਕੋਦਰ ਜਿੱਥੇ ਡੇਰਿਆਂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਇੱਥੇ 54.9 ਫੀਸਦੀ ਵੋਟਿੰਗ ਹੋਈ,ਇੱਥੇ ਆਪ ਦਾ ਵਿਧਾਇਕ ਹੈ,ਕਰਤਾਰਪੁਰ ਵਿੱਚ 54.7 ਫੀਸਦੀ ਵੋਟਿੰਗ ਰਹੀ ਇੱਥੇ ਵੀ 2022 ਦੀਆਂ ਚੋਣਾਂ ਵਿੱਚ ਆਪ ਦੇ ਵਿਧਾਇਕ ਨੇ ਜਿੱਤ ਹਾਸਲ ਕੀਤੀ ਸੀ । ਜਲੰਧਰ ਨਾਰਥ ਵਿੱਚ 54.4 ਫੀਸਦੀ ਵੋਟਿੰਗ ਹੋਈ ਇੱਥੇ ਲਗਾਤਾਰ 2 ਵਾਰ ਤੋਂ ਕਾਂਗਰਸ ਦਾ ਵਿਧਾਇਕ ਹੈ ਅਤੇ ਪਾਰਟੀ ਦਾ ਗੜ੍ਹ ਵੀ ਹੈ । ਆਦਮਪੁਰ ਵਿਧਾਨਸਭਾ ਸੀਟ ‘ਤੇ ਵੀ ਕਾਂਗਰਸ ਦਾ ਹੀ ਵਿਧਾਇਕ ਹੈ ਇੱਥੇ 53.4 ਫੀਸਦੀ ਵੋਟਿੰਗ ਹੋਈ ਹੈ,ਜਲੰਧਰ ਸੈਂਟਰਲ ਵਿੱਚ 48.6 ਫੀਸਦੀ ਵੋਟਿੰਗ ਹੋਈ ਇਹ ਸੀਟ ਆਪ ਨੇ ਵਿਧਾਨਸਭਾ ਚੋਣਾਂ ਵਿੱਚ ਜਿੱਤੀ ਸੀ , ਜਦਕਿ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੇ ਹਲਕੇ ਜਲੰਧਰ ਕੈਂਟ ਵਿੱਚ ਸਭ ਤੋਂ ਘੱਟ 48.5 ਫੀਸਦੀ ਵੋਟਿੰਗ ਹੋਈ । ਕੈਂਟ ਇਲਾਕਾ ਹੋਣ ਦੀ ਵਜ੍ਹਾ ਕਰਕੇ ਇੱਥੇ ਘੱਟ ਹੀ ਵੋਟਿੰਗ ਹੁੰਦੀ ਹੈ। ਫਿਲਹਾਲ ਅੰਕੜਿਆਂ ਦੇ ਮੁਤਾਬਿਕ ਮੁਕਾਬਲਾ ਫਸਿਆ ਹੋਇਆ ਲੱਗ ਰਿਹਾ ਹੈ । ਪਰ ਇਹ ਅੰਕੜੇ ਇੱਕ ਇਸ਼ਾਰਾ ਕਰ ਸਕਦੇ ਹਨ ਪਰ ਪੂਰੀ ਪਿੱਕਚਰ ਨਹੀਂ ਦੱਸ ਸਕਦੇ ਹਨ । ਸੰਗਰੂਰ ਜ਼ਿਮਨੀ ਚੋਣ ਇਸ ਦਾ ਉਦਾਹਰਣ ਹੈ ।

ਸੰਗਰੂਰ ਵਿੱਚ 3 ਮਹੀਨੇ ਅੰਦਰ ਪਲਟੀ ਸੀ ਸਿਆਸੀ ਖੇਡ

ਸੰਗਰੂਰ ਆਪ ਦਾ ਗੜ੍ਹ ਸੀ, 2019 ਦੀ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਵਿੱਚ ਭਗਵੰਤ ਮਾਨ ਰਿਕਾਰਡ ਮਾਰਜਨ ਤੋਂ ਜਿੱਤੇ ਸਨ ਪਰ ਸਰਕਾਰ ਬਣਨ ਦੇ 3 ਮਹੀਨੇ ਬਾਅਦ ਹੀ ਗੇਮ ਪਲਟ ਗਈ । ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਜੋ ਪਿਛਲੇ ਢਾਈ ਦਹਾਕੇ ਤੋਂ ਲਗਾਤਾਰ ਹਾਰ ਰਹੇ ਸਨ । ਕਿਉਂਕਿ ਸੰਗਰੂਰ ਚੋਣ ਸਿੱਧੂ ਮੂ੍ਸੇਵਾਲਾ ਦੀ ਮੌਤ ਤੋਂ ਠੀਕ ਬਾਅਦ ਹੋਈ ਸੀ ਤਾਂ ਇਸ ਦਾ ਅਸਰ ਸੰਗਰੂਰ ਚੋਣਾਂ ਵਿੱਚ ਕਾਫੀ ਵੇਖਿਆ ਗਿਆ ਸੀ । ਹੁਣ ਵੀ ਸਿੱਧੂ ਮੂਸੇਵਾਲੇ ਦਾ ਇਸ ਚੋਣਾਂ ‘ਤੇ ਅਸਰ ਵੇਖਣ ਨੂੰ ਮਿਲ ਸਕਦਾ ਹੈ ।

ਇਹ ਹਨ ਗੇਮ ਚੇਂਜਰ ਮੁੱਦੇ

ਇਨਸਾਫ ਵਿੱਚ ਹੋ ਰਹੀ ਦੇਰੀ ਦੀ ਵਜ੍ਹਾ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਭਗਵੰਤ ਮਾਨ ਸਰਕਾਰ ਦੇ ਵਿਰੋਧ ਵਿੱਚ ਪ੍ਰਚਾਰ ਕੀਤਾ ਹੈ । 2 ਦਿਨ ਲਗਾਤਾਰ ਕਈ ਛੋਟੀ-ਛੋਟੀ ਰੈਲੀਆਂ ਕੀਤੀਆਂ ਹਨ ਉਸ ਦਾ ਅਸਰ ਜਲੰਧਰ ਲੋਕਸਭਾ ਦੀ ਜ਼ਿਮਨੀ ਚੋਣ ‘ਤੇ ਵੇਖਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਲਾਅ ਐਂਡ ਆਰਡਰ ਦਾ ਮੁੱਦਾ ਪੂਰੀ ਚੋਣਾਂ ‘ਤੇ ਹਾਵੀ ਰਿਹਾ ਹੈ । ਵਿਰੋਧੀ ਧਿਰ ਨੇ ਮਾਨ ਸਰਕਾਰ ਨੂੰ ਇਸੇ ਮੁੱਦੇ ‘ਤੇ ਘੇਰਿਆ,ਚੋਣਾਂ ਤੋਂ 2 ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਹੋਏ ਲਗਾਤਾਰ 2 ਧਮਾਕੇ ਇਸ ਚੋਣਾਂ ਤੇ ਵੱਡਾ ਅਸਰ ਛੱਡ ਸਕਦੇ ਹਨ। ਅੰਮ੍ਰਿਤਪਾਲ ਸਿੰਘ ਨੂੰ ਲੈਕੇ ਜਲੰਧਰ ਜ਼ਿਮਨੀ ਚੋਣ ‘ਤੇ ਕੀ ਅਸਰ ਪਇਆ ਹੋਵੇਗਾ ਇਸ ਦਾ ਹਿਸਾਬ ਲਗਾਉਣਾ ਮੁਸ਼ਕਿਲ ਹੈ,ਕਿਉਂਕਿ ਜਲੰਧਰ ਅਤੇ ਸੰਗਰੂਰ ਸੀਟ ਵਿੱਚ ਕਾਫੀ ਅੰਤਰ ਹੈ । ਸੰਗਰੂਰ ਸੀਟ ਪੰਥਕ ਅਤੇ ਬਦਲਾਅ ਲਈ ਜਾਣੀ ਜਾਂਦੀ ਹੈ,ਜਦਕਿ ਜਲੰਧਰ ਡੇਰਿਆਂ ਦੇ ਪ੍ਰਭਾਵ ਅਤੇ ਕਾਂਗਰਸ ਦੇ ਗੜ ਲਈ ਜਾਣੀ ਜਾਂਦੀ ਹੈ। ਜਲੰਧਰ ਸੀਟ ‘ਤੇ ਸ਼ਹਿਰੀ ਅਤੇ ਹਿੰਦੂ ਵੋਟਰਾਂ ਦਾ ਦਬਦਬਾ ਹੈ ।

ਹਰ ਇੱਕ ਪਾਰਟੀ ਲਈ ਚੁਣੌਤੀ

ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜੇ 13 ਮਈ ਨੂੰ ਆਉਣਗੇ ਪਰ ਇਹ ਚੋਣ ਹਰ ਇੱਕ ਪਾਰਟੀ ਲਈ ਚੁਣੌਤੀਆਂ ਭਰੀ ਹੈ। ਜਲੰਧਰ ਕਾਂਗਰਸ ਦਾ ਗੜ੍ਹ ਹੈ ਲਗਾਤਾਰ 4 ਵਾਰ ਜਿੱਤੀ ਹੈ । ਸੱਤਾ ਤੋਂ ਬਾਹਰ ਕਾਂਗਰਸ ਲਈ ਇਹ ਜਿੱਤ 2024 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਨਵਾਂ ਜੋਸ਼ ਭਰ ਸਕਦੀ ਹਨ । ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਲਈ ਵੀ ਇਹ ਵਕਾਰ ਦਾ ਸਵਾਲ ਹੈ ਕਿਉਂਕਿ ਸੰਗਰੂਰ ਚੋਣਾਂ ਵਿੱਚ ਪਾਰਟੀ ਤੀਜੇ ਨੰਬਰ ‘ਤੇ ਰਹੀ ਸੀ । ਜਲੰਧਰ ਜ਼ਿਮਨੀ ਚੋਣ ਨੂੰ ਲੜਨ ਵੇਲੇ ਕਾਂਗਰਸ ਨੇ ਜਿਸ ਤਰ੍ਹਾਂ ਏਕਾ ਵਿਖਾਇਆ ਹੈ ਉਹ ਉਸ ਲਈ ਚੰਗਾ ਸੰਕੇਤ ਹੈ ।

ਆਮ ਆਦਮੀ ਪਾਰਟੀ ਲਈ ਜਲੰਧਰ ਜ਼ਿਮਨੀ ਚੋਣ ਅਕਸ ਬਚਾਉਣ ਦੀ ਚੁਣੌਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਆਪਣਾ ਗੜ੍ਹ ਹਾਰ ਕੇ ਇੱਕ ਝਟਕਾ ਖਾ ਚੁੱਕੇ ਹਨ ਜੇਕਰ ਜਲੰਧਰ ਵੀ ਹਾਰ ਗਏ ਤਾਂ ਸਰਕਾਰ ਵਿੱਚ ਜ਼ਬਰਦਸਤ ਹਲਚਲ ਹੋ ਸਕਦੀ ਹੈ । ਇਸ ਤੋਂ ਇਲਾਵਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜਾ ਪਾਰਟੀ ਨੂੰ ਦੂਜੇ ਸੂਬਿਆਂ ਵਿੱਚ ਲਿਜਾਉਣ ਦਾ ਸੁਪਣੇ ਵੇਖ ਰਹੇ ਹਨ ਉਸ ‘ਤੇ ਵੀ ਇਸ ਦਾ ਅਸਰ ਵੇਖਿਆ ਜਾ ਸਕਦਾ ਹੈ।ਵਿਰੋਧੀ ਉਨ੍ਹਾਂ ਨੂੰ ਸਵਾ ਸਾਲ ਦੀ ਸਰਕਾਰ ਵਿੱਚ ਲਗਾਤਾਰ 2 ਚੋਣਾਂ ਹਾਰਨ ਦਾ ਤਾਨਾ ਦੇ ਕੇ ਪੂਰੀ ਤਰ੍ਹਾਂ ਨਾਲ ਘੇਰਾ ਪਾ ਲੈਣਗੇ।

ਚੋਣ ਨਤੀਜੇ ਤੈਅ ਕਰਨਗੇ ਕਿ ਬੀਜੇਪੀ ਕਿਸਾਨ ਅੰਦੋਲਨ ਅਤੇ ਅਕਾਲੀ ਦਲ ਤੋਂ ਵੱਖ ਹੋਕੇ ਆਪਣੇ ਆਪ ਨੂੰ ਲੋਕਾਂ ਵਿੱਚ ਕਿੰਨਾਂ ਮਜ਼ਬੂਤ ਕਰ ਸਕੀ ਹੈ । ਕਾਂਗਰਸ ਤੋਂ ਆਏ ਆਗੂ ਪਾਰਟੀ ਨੂੰ ਕਿੰਨਾਂ ਮਜ਼ਬੂਤ ਕਰ ਸਕੇ ਹਨ ।

ਅਕਾਲੀ ਦਲ ਲਈ ਹੋਂਦ ਬਚਾਉਣ ਦਾ ਸਵਾਲ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਦੀ ਲਗਾਤਾਰ 2 ਵਿਧਾਨਸਭਾ ਚੋਣਾਂ ਵਿੱਚ ਇਤਿਹਾਸਕ ਹਾਰ ਹੋਈ ਹੈ,ਸੰਗਰੂਰ ਜਿਮਨੀ ਚੋਣ ਵਿੱਚ ਤਾਂ ਪਾਰਟੀ ਚੌਥੇ ਨੰਬਰ ‘ਤੇ ਰਹੀ ਸੀ । ਹੁਣ BSP ਨਾਲ ਮਿਲ ਕੇ ਜਲੰਧਰ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਪੂਜੀਸ਼ਨ ਤੈਅ ਕਰੇਗੀ ਕਿ ਉਸ ਨੂੰ ਅੱਗੇ ਕਿਸ ਰਣਨੀਤੀ ਨਾਲ ਲੋਕਾਂ ਵਿੱਚ ਜਾਣਾ ਹੈ । ਸੰਗਰੂਰ ਵਿੱਚ BSP ਕਮਜ਼ੋਰ ਸੀ ਪਰ ਜਲੰਧਰ ਵਿੱਚ ਤਾਂ ਉਹ ਅਕਾਲੀ ਦਲ ਦੇ ਬਰਾਬਰ ਮਜ਼ਬੂਤ ਹੈ ।