ਬਿਉਰੋ ਰਿਪੋਰਟ : 11 ਮਾਰਚ ਨੂੰ ਜਲੰਧਰ ਵਿੱਚ ਤਾਇਨਾਤ ਏਅਰਫੋਰਸ ਜਵਾਨ ਦਾ 12 ਦਿਨ ਪਹਿਲਾਂ ਵਿਆਹ ਹੋਇਆ ਅਤੇ ਹੁਣ ਉਸ ਦੀ ਮੌਤ ਦੀ ਖਬਰ ਆ ਗਈ ਹੈ । ਦੱਸਿਆ ਜਾ ਰਿਹਾ ਹੈ ਕਿ 26 ਸਾਲ ਦੇ ਦੀਪਕ ਕੁਮਾਰ ਯਾਦਵ ਯੂਪੀ ਦੇ ਹੰਡਿਆ ਦੇ ਰਸੂਲਪੁਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਹ ਛੁੱਟੀ ‘ਤੇ ਚੱਲ ਰਿਹਾ ਸੀ,ਜਿੱਥੇ ਉਸ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ । ਮੌਤ ਦੇ ਇੱਕ ਦਿਨ ਪਹਿਲਾਂ ਦੀਪਕ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ । ਜਿਸ ਵਿੱਚ ਲਿਖਿਆ ‘ਚਲਦੇ ਰਹਿਣਗੇ ਕਾਫਿਲੇ ਮੇਰੇ ਬਗੈਰ ਵੀ ਇੱਥੇ,ਇੱਕ ਸਿਤਾਰਾ ਟੁੱਟਣ ਨਾਲ ਅਸਮਾਨ ਸੁੰਨਾ ਨਹੀਂ ਹੋ ਜਾਂਦਾ’ ।
ਪਰਿਵਾਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਦੀਪਕ ਕੁਮਾਰ ਯਾਦਵ ਰੋਜ਼ਾਨਾ ਵਾਂਗ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ । ਹਰ ਰੋਜ਼ ਉਹ ਜਲਦੀ ਉੱਠ ਜਾਂਦਾ ਹੈ ਪਰ ਅੱਜ ਉਹ ਕਾਫੀ ਸਮਾ ਬੀਤ ਜਾਣ ਦੇ ਬਾਅਦ ਵੀ ਨਹੀਂ ਉਠਿਆ ਤਾਂ ਪਰਿਵਾਰ ਉਸ ਨੂੰ ਉਠਾਉਣ ਦੇ ਲਈ ਕਮਰੇ ਵਿੱਚ ਪਹੁੰਚਿਆ ਤਾਂ ਵੇਖਿਆ ਕਿ ਉਹ ਲਟਕਿਆ ਹੋਇਆ ਹੈ । ਦੀਪਕ ਨੂੰ ਫੌਰਨ ਉਤਾਰਿਆ ਗਿਆ ਤਾਂ ਪ੍ਰਿਆਗਰਾਜ ਸਥਿਤ ਇੱਕ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਇਸ ਮਾਮਲੇ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ । ਦੀਪਕ ਆਪਣੇ ਘਰ ਦਾ ਵੱਡਾ ਪੁੱਤਰ ਹੈ ਉਸ ਦਾ ਛੋਟਾ ਭਰਾ ਅਨਿਲ ਪਰਿਵਾਰ ਦੇ ਨਾਲ ਰਹਿੰਦਾ ਸੀ,ਦੀਪਕ ਦੀ ਇੱਕ ਛੋਟੀ ਭੈਣ ਵੀ ਹੈ ।
11 ਮਾਰਚ ਨੂੰ ਵਿਆਹ ਹੋਇਆ
11 ਮਾਰਚ ਨੂੰ ਦੀਪਕ ਦਾ ਵਿਆਹ ਹੋਇਆ ਸੀ । ਵਿਆਹ ਦੇ ਲਈ ਉਹ 2 ਮਾਰਚ ਨੂੰ ਛੁੱਟੀ ਲੈਕੇ ਘਰ ਗਿਆ ਸੀ । ਘਰ ਵਿੱਚ ਵਿਆਹ ਦਾ ਮਾਹੌਲ ਹੁਣ ਗਮ ਵਿੱਚ ਬਦਲ ਗਿਆ ਹੈ । ਪੁਲਿਸ ਨੂੰ ਫਿਲਹਾਲ ਕੋਈ ਚਿੱਠੀ ਨਹੀਂ ਮਿਲੀ ਹੈ ਨਾ ਹੀ ਪਰਿਵਾਰ ਨੇ ਕਿਸੇ ‘ਤੇ ਸ਼ੱਕ ਜ਼ਾਹਿਰ ਕੀਤਾ ਹੈ ।