ਜਲੰਧਰ : ਜਲੰਧਰ ਤੋਂ ਪੰਜਾਬ ਤੇ ਦਿੱਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੀ ਬਦੌਲਤ 5 ਗੈਂਗਸਟਰਾਂ ਨੂੰ ਫੜਨ ਵਿੱਚ ਵੱਡੀ ਕਾਮਯਾਬੀ ਮਿਲੀ ਹੈ । ਫਿਲੌਰ ਦੇ SHO ਨੂੰ ਖ਼ਬਰ ਮਿਲੀ ਸੀ ਕਿ ਕੁਝ ਗੈਂਗਸਟਰ ਭੋਗਪੁਰ ਤੋਂ ਆਦਮਪੁਰ ਦੇ ਰਸਤੇ ਪਿੰਡ ਚੱਕ ਜੰਡੂ ਦੇ ਖੇਤ ਵਿੱਚ ਬਣੀ ਕੋਠੀ ਵਿੱਚ ਲੁੱਕੇ ਹੋਏ ਹਨ । ਦਿੱਲੀ ਅਤੇ ਪੰਜਾਬ ਪੁਲਿਸ ਦੀ ਜੁਆਇੰਟ ਟੀਮ ਫੌਰਨ ਉੱਥੇ ਪਹੁੰਚੀ ਅਤੇ ਘਰ ਨੂੰ ਘੇਰ ਲਿਆ। ਪੁਲਿਸ ਨੇ ਗੈਂਗਸਟਰਾਂ ਨੂੰ ਬਾਹਰ ਆਉਣ ਦੀ ਚਿਤਾਵਨੀ ਦਿੱਤੀ ਤਾਂ ਗੈਂਗਸਟਰਾਂ ਵਲੋਂ ਉਨ੍ਹਾਂ ‘ਤੇ ਭੱਜਣ ਦੇ ਲਈ 3 ਰਾਊਂਡ ਫਾਇਰਿੰਗ ਕੀਤੀ ਗਈ,ਜਵਾਬ ਵਿੱਚ ਪੰਜਾਬ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ । ਇਸ ਦੌਰਾਨ 3 ਗੈਂਗਸਟਰ ਕਮਾਦ ਦੇ ਖੇਤਾਂ ਵਿੱਚ ਜਾਕੇ ਲੁੱਕ ਗਏ ਜਦਕਿ 2 ਘਰ ਦੇ ਅੰਦਰ ਹੀ ਰਹੇ । ਪੁਲਿਸ ਨੇ ਘਰ ਦੇ ਅੰਦਰੋਂ 2 ਗੈਂਗਸਟਰਾਂ ਨੂੰ ਸਵੇਰੇ ਹੀ ਕਾਬੂ ਕਰ ਲਿਆ ਸੀ । ਪਰ ਜਿਹੜੇ ਗੈਂਗਸਟਰ ਖੇਤ ਵਿੱਚ ਜਾਕੇ ਲੁੱਕ ਗਏ ਸਨ ਉਨ੍ਹਾਂ ਨੂੰ ਫੜਨ ਵਿੱਚ ਪੁਲਿਸ ਨੂੰ 7 ਘੰਟੇ ਲੱਗੇ ।
7 ਘੰਟੇ ਬਾਅਦ ਤਿੰਨ ਗੈਂਗਸਟਰ ਕਾਬੂ ਆਏ
ਜਿਹੜੇ 3 ਗੈਂਗਸਟਰ ਕਮਾਦ ਦੇ ਖੇਤ ਵਿੱਚ ਲੁੱਕੇ ਹੋਏ ਸਨ। ਉਨ੍ਹਾਂ ਨੂੰ ਪੁਲਿਸ ਵੱਲੋਂ ਕਈ ਵਾਰ ਸਲਰੰਡਰ ਕਰਨ ਦੀ ਚਿਤਾਵਨੀ ਦਿੱਤੀ ਗਈ ਪਰ ਉਹ ਬਾਹਰ ਨਹੀਂ ਨਿਕਲ ਰਹੇ ਸਨ।ਇਸ ਦੌਰਾਨ ਪੁਲਿਸ ਨੇ ਪੂਰੇ ਖੇਤ ਨੂੰ ਘੇਰਾ ਪਾਇਆ ਹੋਇਆ ਸੀ । ਪੁਲਿਸ ਦੀ ਇੱਕ ਟੀਮ ਡ੍ਰੋਨ ਕੈਮਰਿਆਂ ਦੇ ਜ਼ਰੀਏ ਗੈਂਗਸਟਰਾਂ ‘ਤੇ ਨਜ਼ਰ ਰੱਖ ਰਹੀ ਸੀ । ਜਿਵੇਂ ਹੀ ਗੈਂਗਸਟਰਾਂ ਦੀ ਲੋਕੇਸ਼ ਕੈਮਰੇ ਵਿੱਚ ਕੈਦ ਹੋਈ ਤਾਂ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਪੌਨੇ 12 ਵਜੇ 2 ਗੈਂਗਸਟਰਾਂ ਨੂੰ ਖੇਤਾਂ ਤੋਂ ਬਾਹਰ ਕੱਢਿਆ । ਅਤੇ ਫਿਰ 1 ਵਜੇ ਦੇ ਕਰੀਬ 1 ਹੋਰ ਗੈਂਗਸਟਰ ਵੀ ਪੁਲਿਸ ਦੇ ਹੱਥੀ ਚੜ ਗਿਆ । ਪੁਲਿਸ ਨੂੰ ਹੁਣ ਵੀ ਇੱਕ ਦੀ ਤਲਾਸ਼ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਪੁਲਿਸ ਮੁਤਾਬਿਕ ਫੜੇ ਗਏ 2 ਗੈਂਗਸਟਰ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਹਨ । ਪੁਲਿਸ ਨੇ ਗਿਰਫ਼ਤਾਰ ਗੈਂਗਸਟਰਾਂ ਤੋਂ 3 ਹਥਿਆਰ ਵੀ ਫੜੇ ਹਨ ।
ਫਿਲੌਰ ਵਿੱਚ ਵੀ ਹਥਿਆਰਬੰਦ ਗੈਂਗਸਟਰ ਫੜੇ ਗਏ ਸਨ
ਕੁਝ ਦਿਨ ਪਹਿਲਾਂ ਜਲੰਧਰ ਦੀ ਦਿਹਾਤੀ ਪੁਲਿਸ ਵੱਲੋਂ ਫਿਲੌਰ ਵਿੱਚ ਵੀ ਹਥਿਆਰਬੰਦ ਗੈਂਗਸਟਰ ਫੜੇ ਗਏ ਸਨ । ਇਹ ਗੈਂਗਸਟਰ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ। ਇੰਨਾਂ ਨੇ ਇੱਕ ਕਿਸਾਨ ਦੀ ਰਸਤੇ ਵਿੱਚ ਮੋਟਰ ਸਾਈਕਲ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਆਲੇ-ਦੁਆਲੇ ਦੇ ਲੋਕਾਂ ਨੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਸੀ । ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਹਿਲਾਂ ਗੈਂਗਸਟਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਆਪ ਸਰੰਡਰ ਕਰ ਦੇਣ ਨਹੀਂ ਤਾਂ ਉਨ੍ਹਾਂ ਖਿਲਾਫ਼ ਵੱਡਾ ਆਪਰੇਸ਼ਨ ਚਲਾਇਆ ਜਾਵੇਗਾ । ਗੈਂਗਸਟਰਾਂ ‘ਤੇ ਨਕੇਲ ਕੱਸਣ ਦੇ ਲਈ ਪੰਜਾਬ ਸਰਕਾਰ ਵੱਲੋਂ ਐਂਟਰੀ ਗੈਂਗਸਟਰ ਟਾਸਕ ਫੋਰਸ (AGTF) ਦਾ ਵੀ ਗਠਨ ਕੀਤਾ ਗਿਆ ਸੀ ।