Punjab

ਵਿਧਾਇਕ ਦੇ ਪਿਤਾ ਤੋਂ ਪੁਲਿਸ ਕਰੇਗੀ 2 ਦਿਨ ਤੱਕ ਪੁੱਛਗਿੱਛ,ਇਸ ਦਿਨ ਫਿਰ ਸੱਦਿਆ ਅਦਾਲਤ ਨੇ

ਜਲਾਲਾਬਾਦ :  ਜਲਾਲਾਬਾਦ ਪੁਲਿਸ ਨੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਅੱਜ ਗ੍ਰਿਫਤਾਰ ਕਰਨ ਮਗਰੋਂ ਅਦਾਲਤ ਵਿਚ ਪੇਸ਼ ਕੀਤਾ ਹੈ ।ਜਿਸ ਮਗਰੋਂ ਪੁਲਿਸ ਨੂੰ ਮੁਲਜ਼ਮ ਦਾ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਅਦਾਲਤ ਵਿੱਚ ਹੋਈ ਕਾਰਵਾਈ ਦੇ ਦੌਰਾਨ ਪੁਲਸ ਨੇ ਆਪਣਾ ਪੱਖ ਰੱਖਦੇ ਹੋਏ ਰਿਮਾਂਡ ਦੀ ਮੰਗ ਕੀਤੀ, ਜਿਸ ਦਾ ਬਚਾਅ ਪੱਖ ਦੇ ਵਕੀਲ ਨੇ ਵਿਰੋਧ ਕੀਤਾ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦੇ ਵਕੀਲਾਂ ਦੀ ਗੱਲ ਸੁਣਨ ਤੋਂ ਬਾਅਦ ਸੁਰਿੰਦਰ ਕੰਬੋਜ ਦਾ ਪੁਲਿਸ ਨੂੰ  ਦੋ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ ਤੇ ਐਤਵਾਰ ਨੂੰ ਦੁਬਾਰਾ ਪੇਸ਼ ਕਰਨ ਲਈ ਕਿਹਾ ਹੈ।

ਆਪ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਪੁਲਿਸ ਨੇ ਅੱਜ ਸਵੇਰੇ ਗੰਭੀਰ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ। ਉਹਨਾਂ ਸਣੇ 4 ਹੋਰ ਵਿਅਕਤੀਆਂ ‘ਤੇ ਆਈਪੀਸੀ ਦੀ ਧਾਰਾ 384, 389 ਅਤੇ 34 ਤਹਿਤ ਮਾਮਲਾ ਦਰਜ ਹੋਇਆ ਹੈ।

ਜਲਾਲਾਬਾਦ ਦੇ ਇੱਕ ਪ੍ਰਾਪਰਟੀ ਡੀਲਰ ਸੁਨੀਲ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਇਹ ਕਾਰਵਾਈ ਹੋਈ ਸੀ । ਸ਼ਿਕਾਇਤ ਵਿੱਚ ਉਸ ਨੇ ਦਾਅਵਾ ਕਰਦਿਆਂ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਸਿੰਘ ‘ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਗਏ ਸਨ ਤੇ ਦਾਅਵਾ ਕੀਤਾ ਸੀ ਕਿ ਮਕਾਨ ਦਿਖਾਉਣ ਦੇ ਬਹਾਨੇ ਮੁਲਜ਼ਮਾਂ ਵੱਲੋਂ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਮਗਰੋਂ 10 ਲੱਖ ਦੀ ਰਕਮ ਵੀ ਮੰਗੀ ਗਈ। ਸੁਨੀਲ ਦੇ ਬਿਆਨਾਂ ਦੇ ਆਧਾਰ ‘ਤੇ ਸੁਰਿੰਦਰ ਸਿੰਘ ਕੰਬੋਜ, ਰਾਣੋ ਬਾਈ, ਸੁਨੀਲ ਰਾਏ ਅਤੇ ਸੁਨੀਲ ਰਾਏ ਦੀ ਪਤਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ।