ਬਿਉਰੋ ਰਿਪੋਰਟ – ਖਡੂਰ ਸਾਹਿਬ ਲੋਕਸਭਾ ਸੀਟ ‘ਤੇ 1989 ਦਾ ਇਤਿਹਾਸ ਮੁੜ ਤੋਂ ਦੁਹਰਾਇਆ ਜਾ ਸਕਦਾ ਹੈ। ਸਿਮਰਨਜੀਤ ਸਿੰਘ ਵਾਂਗ ਨੈਸ਼ਨਲ ਸਕਿਓਰਿਟੀ ਐਕਟ (NSA) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ ‘ਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕਸਭਾ ਸੀਟ ਤੋਂ ਲੋਕਸਭਾ ਚੋਣਾਂ ਲੜੇਗਾ। ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਖ਼ਬਰਾਂ ਆ ਰਹੀਆਂ ਹਨ। ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖ਼ਾਲਸਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੋ ਕਰੀਬ ਇੱਕ ਸਾਲ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਅੰਮ੍ਰਿਤਪਾਲ ‘ਤੇ ਅਜਨਾਲਾ ਦੇ ਥਾਣੇ ‘ਤੇ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ 24 ਅਪ੍ਰੈਲ ਨੂੰ ਉਹ ਅੰਮ੍ਰਿਤਪਾਲ ਨੂੰ ਮਿਲਣ ਗਏ ਸੀ। ਜਿੱਥੇ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਕਿਹਾ ਕਿ ਖ਼ਾਲਸਾ ਪੰਥ ਦੇ ਹਿੱਤ ਵਿੱਚ ਉਨ੍ਹਾਂ ਨੂੰ ਖਡੂਰ ਸਾਹਿਬ ਤੋਂ ਚੋਣ ਲੜਨੀ ਚਾਹੀਦੀ ਹੈ। ਜਿਸ ਤੋਂ ਬਾਅਦ ਅੰਮ੍ਰਿਤਪਾਲ ਨੇ ਪੰਥਕ ਹਿੱਤ ਵਿੱਚ ਇਸ ਨੂੰ ਸਵੀਕਾਰ ਕਰ ਲਿਆ।
ਜੇ ਅਜਿਹਾ ਹੁੰਦਾ ਹੈ ਤਾਂ ਖਡੂਰ ਸਾਹਿਬ ਦੀ ਸੀਟ ਸਭ ਤੋਂ ਦਿਲਚਸਪ ਸੀਟ ਬਣ ਜਾਵੇਗੀ। ਪੰਥਕ ਸੀਟ ਤੇ ਅੰਮ੍ਰਿਤਪਾਲ ਦੇ ਚੋਣ ਲੜਨ ਦੀ ਵਜ੍ਹਾ ਕਰਕੇ ਸਾਰਿਆਂ ਦੀਆਂ ਨਜ਼ਰਾਂ ਇਸ ਸੀਟ ‘ਤੇ ਹੋਣਗੀਆਂ।
1989 ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਜੇਲ੍ਹ ਵਿੱਚ ਰਹਿੰਦੇ ਹੋਏ ਖਡੂਰ ਸਾਹਿਬ ਤੋਂ ਚੋਣ ਲੜੀ ਸੀ ਅਤੇ ਉਹ 89 ਫੀਸਦੀ ਵੋਟਾਂ ਨਾਲ ਰਿਕਾਰਡ ਫ਼ਰਕ ਨਾਲ ਚੋਣ ਜਿੱਤੇ ਸਨ। ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਸਵਾ ਪੰਜ ਲੱਖ ਵੋਟਾਂ ਪਈਆਂ ਸਨ ਜਦਕਿ ਉਸ ਵੇਲੇ ਦੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਸਿਰਫ਼ 45 ਹਜ਼ਾਰ ਹੀ ਵੋਟ ਪਏ ਸਨ।