ਬੇਅੰਤ ਸਿੰਘ ਕਤਲ ਕੇਸ ਵਿਚ ਹੀ ਸਜ਼ਾਯਾਫ਼ਤਾ ਇੰਜੀਨੀਅਰ ਗੁਰਮੀਤ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਰੈਗੁਲਰ ਜ਼ਮਾਨਤ ਮਿਲ ਗਈ ਹੈ। ਉਸ ਨੇ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਦਾਖ਼ਲ ਕੀਤੀ ਸੀ ਤੇ ਅਰਜ਼ੀ ਵਿਚ ਕਿਹਾ ਹੈ ਕਿ ਉਸ ਵਲੋਂ ਪ੍ਰੀਮੇਚਿਉਰ ਰਿਹਾਈ ਲਈ ਪ੍ਰਸ਼ਾਸਨ ਨੂੰ ਦਿਤੇ ਮੰਗ ਪੱਤਰ ’ਤੇ ਫ਼ੈਸਲਾ ਨਹੀਂ ਹੋ ਸਕਿਆ ਹੈ ਤੇ ਹਾਈ ਕੋਰਟ ਇਕ ਫ਼ੈਸਲੇ ਵਿਚ ਕਹਿ ਚੁਕੀ ਹੈ ਕਿ ਜੇਕਰ ਕਿਸੇ ਸਜ਼ਾਯਾਫ਼ਤਾ ਕੈਦੀ ਦੀ ਪ੍ਰੀਮੇਚਿਉਰ ਰਿਹਾਈ ਦੇ ਮੰਗ ਪੱਤਰ ’ਤੇ ਤਿੰਨ ਮਹੀਨੇ ਤਕ ਫ਼ੈਸਲਾ ਨਹੀਂ ਲਿਆ ਜਾਂਦਾ ਤਾਂ ਉਹ ਰੈਗੁਲਰ ਜ਼ਮਾਨਤ ਦਾ ਹੱਕਦਾਰ ਹੈ।
ਇਸ ਦਲੀਲ ਨਾਲ ਗੁਰਮੀਤ ਸਿੰਘ ਨੇ ਜ਼ਮਾਨਤ ਅਰਜ਼ੀ ਵਿਚ ਕਿਹਾ ਸੀ ਕਿ ਉਸ ਵਲੋਂ ਦਿਤੇ ਮੰਗ ਪੱਤਰ ’ਤੇ ਤਿੰਨ ਮਹੀਨੇ ਵਿਚ ਫ਼ੈਸਲਾ ਨਹੀਂ ਹੋ ਸਕਿਆ, ਲਿਹਾਜਾ ਉਹ ਜ਼ਮਾਨਤ ਦਾ ਹੱਕਦਾਰ ਹੈ।
ਇਸ ਤੋਂ ਪਹਿਲਾਂ ਗੁਰਮੀਤ ਨੂੰ ਪੈਰੋਲ ਵੀ ਮਿਲੀ ਸੀ। ਹਾਲਾਂਕਿ ਸਮੇਂ ‘ਤੇ ਆਤਮ-ਸਮਰਪਣ ਨਾ ਕਰਨ ‘ਤੇ ਗੁਰਮੀਤ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਉਸ ਨੇ ਆਤਮ-ਸਮਰਪਣ ਕਰ ਦਿੱਤਾ ਸੀ।
ਗੁਰਮੀਤ ਸਿੰਘ 1995 ਤੋਂ ਸਲਾਖ਼ਾਂ ਪਿੱਛੇ ਆਪਣੀ ਸਜ਼ਾ ਕੱਟ ਰਿਹਾ ਹੈ। ਸੈਕਟਰ-3 ਥਾਣੇ ਦੀ ਪੁਲਿਸ ਨੇ ਗੁਰਮੀਤ ਤੇ ਹੋਰਨਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਅਤੇ ਵਿਸਫੋਟਕ ਸਮੱਗਰੀ ਐਕਟ ਤਹਿਤ ਕੇਸ ਦਰਜ ਕੀਤਾ ਸੀ। ਅਦਾਲਤ ਨੇ ਜੁਲਾਈ 2007 ਵਿੱਚ ਬੇਅੰਤ ਸਿੰਘ ਕਤਲ ਕੇਸ ਵਿੱਚ ਬੰਦੀ ਸਿੰਘ ਗੁਰਮੀਤ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।