ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਟ ਨਾਮਜ਼ਦ ਭਾਈ ਜਗਤਾਰ ਸਿੰਘ ਹਵਾਰਾ ਨੇ ਲੰਘੇ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਮੁਹਾਲੀ ਅਦਾਲਤ ਵਿੱਚ ਪੇਸ਼ੀ ਭੁਗਤੀ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਦੋ ਵੱਖ-ਵੱਖ ਅਪਰਾਧਕ ਕੇਸ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਸੋਹਾਣਾ ਥਾਣੇ ਵਿੱਚ ਅਸਲਾ ਐਕਟ ਤਹਿਤ ਦਰਜ ਕੇਸ ਹੈ, ਜਦਕਿ ਦੂਜਾ ਕੇਸ ਆਰਡੀਐਕਸ ਸਬੰਧੀ ਖਰੜ ਥਾਣੇ ਵਿੱਚ ਦਰਜ ਹੈ।
ਅਦਾਲਤ ਨੇ ਦੋਵੇਂ ਕੇਸਾਂ ਦੀ ਅਗਲੀ ਸੁਣਵਾਈ 28 ਅਗਸਤ ਤੱਕ ਮੁਲਤਵੀ ਕੀਤੀ ਹੈ। ਬਚਾਅ ਪੱਖ ਵੱਲੋਂ ਸੀਨੀਅਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਗੁਰਸ਼ਰਨ ਸਿੰਘ, ਦਿਲਸ਼ੇਰ ਸਿੰਘ ਜੰਡਿਆਲਾ ਤੇ ਬੀਬੀ ਕੁਲਵਿੰਦਰ ਕੌਰ ਹਵਾਰਾ ਕੇਸ ਦੀ ਪੈਰਵੀ ਕਰ ਰਹੇ ਹਨ। ਦੱਸ ਦਈਏ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ‘ਚ ਸਰੀਰਕ ਤੌਰ ‘ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਹਵਾਰਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਦਾ ਫੈਸਲਾ ਆਖਰੀ ਸਮੇਂ ਵਿੱਚ ਬਦਲ ਦਿੱਤਾ ਗਿਆ। ਬਚਾਅ ਪੱਖ ਦੇ ਵਕੀਲ ਮੰਝਪੁਰ ਨੇ ਮੀਡੀਆ ਨੂੰ ਦੱਸਿਆ ਕਿ ਮੁਹਾਲੀ ਦੇ ਵਧੀਕ ਤੇ ਜ਼ਿਲ੍ਹਾ ਸੈਸ਼ਨ ਜੱਜ ਕੇਕੇ ਸਿੰਗਲਾ ਨੇ ਉਕਤ ਦੋਵੇਂ ਕੇਸਾਂ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਸੀ, ਪਰ ਕੇਂਦਰੀ ਜੇਲ੍ਹ ਮੰਡੌਲੀ, ਦਿੱਲੀ ਦੇ ਜੇਲ੍ਹ ਸੁਪਰਡੈਂਟ ਵੱਲੋਂ ਅਦਾਲਤ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਕਿ 15 ਅਗਸਤ ਦੇ ਮੱਦੇਨਜ਼ਰ ਜ਼ਿਆਦਾਤਰ ਪੁਲਿਸ ਜਵਾਨਾਂ ਦੀ ਡਿਊਟੀ ਸੁਰੱਖਿਆ ਪ੍ਰਬੰਧਾਂ ਲਈ ਲਗਾਈ ਗਈ ਹੈ, ਜਿਸ ਕਾਰਨ ਪੁਲਿਸ ਫੋਰਸ ਦੀ ਘਾਟ ਦੇ ਚੱਲਦਿਆਂ ਜਗਤਾਰ ਸਿੰਘ ਹਵਾਰਾ ਨੂੰ ਅੱਜ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਹੈ। ਇਸ ਮਗਰੋਂ ਜਗਤਾਰ ਸਿੰਘ ਹਵਾਰਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ ਅਤੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 28 ਅਗਸਤ ’ਤੇ ਪਾ ਦਿੱਤੀ।
ਥਾਣਾ ਸਦਰ ਖਰੜ ਵਿਖੇ ਸਾਲ 2005 ਵਿੱਚ ਦਰਜ ਹੋਏ ਇਸ ਕੇਸ ਦੀ ਅੱਜ ਮੁਹਾਲੀ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। 2005 ‘ਚ ਜਗਤਾਰ ਸਿੰਘ ਹਵਾਰਾ ‘ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪਿਛਲੇ ਸਾਲ ਅਗਸਤ 2021 ਨੂੰ ਹਵਾਰਾ ਦੇ ਵਕੀਲ ਵੱਲੋਂ ਇਸ ਕੇਸ ਵਿੱਚ ਡਿਸਚਾਰਜ ਦੀ ਅਰਜ਼ੀ ਵੀ ਦਾਇਰ ਕੀਤੀ ਗਈ ਸੀ। ਇਸ ਅਰਜ਼ੀ ਦਾ ਪੰਜਾਬ ਪੁਲੀਸ ਨੇ ਆਪਣੇ ਲਿਖਤੀ ਜਵਾਬ ਵਿੱਚ ਵਿਰੋਧ ਕੀਤਾ ਸੀ।