ਚੰਡੀਗੜ੍ਹ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਾਰ ਮੁੜ ਪੰਜਾਬੀਆਂ ਨੇ ਆਪਣੀ ਜਿੱਤ ਦੇ ਝੰਡੇ ਗੱਡੇ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੈਬਨਿਟ ਵਿੱਚ 4 ਪੰਜਾਬੀਆਂ ਨੂੰ ਥਾਂ ਮਿਲੀ ਹੈ। ਪੰਜਾਬੀ ਮੂਲ ਦੇ ਜਗਰੂਪ ਬਰਾੜ ਨੂੰ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆਂ ਦੀ ਐਨਡੀਪੀ ਸਰਕਾਰ ਵਿਚ ਸੂਬਾ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ।
ਨੰਬਰਾਂ ਦੀ ਥਾਂ ਅੰਗਰੇਜ਼ੀ ’ਚੋਂ ਕੰਪਾਰਟਮੈਂਟ ਲੈ ਕੇ ਘਰ ਆ ਵੜਦਾ
ਜਗਰੂਪ ਬਰਾੜ ਨੇ ਬਠਿੰਡਾ ਦੇ ਪਿੰਡ ਦਿਉਣ ਦੇ ਸਰਕਾਰੀ ਸਕੂਲ ’ਚੋਂ ਦੂਜੇ ਦਰਜੇ ’ਚ ਮੈਟ੍ਰਿਕ ਕੀਤੀ। ਗਿਆਰਵੀਂ ਦੀ ਪੜ੍ਹਾਈ ਲਈ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਪੜ੍ਹਨ ਗਿਆ। ਉਹ ਦੋ ਵਾਰੀ ਗਿਆਰਵੀਂ ’ਚੋਂ ਫੇਲ੍ਹ ਹੋਇਆ, ਨੰਬਰਾਂ ਦੀ ਥਾਂ ਅੰਗਰੇਜ਼ੀ ’ਚੋਂ ਕੰਪਾਰਟਮੈਂਟ ਲੈ ਕੇ ਘਰ ਆ ਵੜਦਾ।
ਅੰਗਰੇਜ਼ੀ ਦਾ ਪ੍ਰੋਫੈਸਰ ਉਸ ਦੀ ਜਦੋਂ ਕਾਪੀ ਚੈੱਕ ਕਰਦਾ ਤਾਂ ਮੱਥੇ ’ਤੇ ਹੱਥ ਮਾਰਦਾ। ਜਗਰੂਪ ਬਰਾੜ ਤੀਸਰੇ ਦਰਜੇ ’ਚ ਗਰੈਜੂਏਟ ਬਣਿਆ। ਬਾਸਕਟਬਾਲ ਦਾ ਚੰਗਾ ਖਿਡਾਰੀ ਹੋਣ ਕਰਕੇ ਬਠਿੰਡਾ ਥਰਮਲ ’ਚ ਨੌਕਰੀ ਮਿਲ ਗਈ ਪਰ ਪੜ੍ਹਾਈ ਵਾਲਾ ਪੇਚ ਦਿਮਾਗ ’ਚ ਫਸਿਆ ਰਿਹਾ।
ਐੱਮਏ ਫਿਲਾਸਫ਼ੀ ਦਾ ਗੋਲਡ ਮੈਡਲਿਸਟ ਬਣਿਆ
ਵੱਡੇ ਭਰਾ ਜਸਵੰਤ ਬਰਾੜ ਨੇ ਇੱਕ ਦਿਨ ਉਸ ਦੇ ਕਮਰੇ ’ਚ ਕਿਤਾਬਾਂ ਦਾ ਢੇਰ ਲਾ ਦਿੱਤਾ। ਫਿਰ ਉਹ ਪੰਜਾਬੀ ’ਵਰਸਿਟੀ ’ਚੋਂ ਐੱਮਏ ਫਿਲਾਸਫ਼ੀ ਦਾ ਗੋਲਡ ਮੈਡਲਿਸਟ ਬਣਿਆ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ’ਚ ਪ੍ਰੀਖਿਆ ਪਾਸ ਕਰਕੇ ਯੁਵਕ ਸੇਵਾਵਾਂ ਮਹਿਕਮੇ ’ਚ ਸਹਾਇਕ ਡਾਇਰੈਕਟਰ ਬਣ ਗਿਆ।
ਦੋ ਵਰ੍ਹਿਆਂ ਮਗਰੋਂ ਕੈਨੇਡਾ ’ਚ ਵੱਡੇ ਭਰਾ ਕੋਲ ਚਲਾ ਗਿਆ। ਤਕਦੀਰ ਨੇ ਐਸੀ ਉਂਗਲ ਫੜੀ ਕਿ ਅਕਤੂਬਰ 2004 ਵਿੱਚ ਬ੍ਰਿਟਿਸ਼ ਕੰਲੋਬੀਆ ਦੀ ਅਸੈਂਬਲੀ ਦੀ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣਿਆ। ਦੂਸਰੀ ਦਫ਼ਾ 2005 ਵਿੱਚ ਵਿਧਾਇਕ ਬਣਿਆ। ਤੀਸਰੀ ਵਾਰ ਉਹ 2009 ਵਿਚ ਐੱਮਐੱਲਏ ਬਣ ਗਿਆ।
ਹੁਣ ਪੂਰੇ ਪੰਜਾਬ ਨੂੰ ਮਾਣ
ਹੁਣ ਇਕੱਲੇ ਪਿੰਡ ਦਿਉਣ ਨੂੰ ਨਹੀਂ ਬਲਕਿ ਪੂਰੇ ਪੰਜਾਬ ਨੂੰ ਮਾਣ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਐਨਡੀਪੀ ਸਰਕਾਰ ਵਿਚ ਜਗਰੂਪ ਬਰਾੜ ਰਾਜ ਮੰਤਰੀ ਬਣ ਗਿਆ ਹੈ ਜਿਨ੍ਹਾਂ ਨੂੰ ਬੀਸੀ ਦੇ ਲੈਫਟੀਨੈਂਟ ਗਵਰਨਰ ਨੇ ਨਵੀਂ ਡੇਵਿਡ ਕੈਬਨਿਟ ਦੇ ਟਰੇਡ ਰਾਜ ਮੰਤਰੀ ਵੱਲੋਂ ਹਲਫ਼ ਦਿਵਾਇਆ ਹੈ।
ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਦੀ ਬੁੱਧਵਾਰ ਚੁਣੀ ਨਵੀਂ ਕੈਬਨਿਟ ਵਿੱਚ 23 ਮੰਤਰੀ ਅਤੇ 4 ਰਾਜ ਮੰਤਰੀ ਹਨ। ਕੈਨੇਡਾ ਦੀ ਇਸ ਵਜ਼ਾਰਤ ਵਿੱਚ ਭਾਰਤੀ ਪੰਜਾਬੀ ਮੂਲ ਦੇ 5 ਵਿਧਾਇਕਾਂ ਨੂੰ ਥਾਂ ਮਿਲੀ ਹੈ। ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਲੀਡਰ ਬਣਾਇਆ ਗਿਆ ਹੈ। ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਬੱਚਿਆਂ ਦੀ ਦੇਖਭਾਲ ਮਹਿਕਮਾ, ਹੈਰੀ ਬੈਂਸ ਲੇਬਰ ਮੰਤਰੀ, ਨਿਕੀ ਸ਼ਰਮਾ ਨੂੰ ਅਟਾਰਨੀ ਜਨਰਲ ਅਤੇ ਜਗਰੂਪ ਬਰਾੜ ਟਰੇਡ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ ਬੈਂਸ ਨੂੰ ਲੇਬਰ ਅਤੇ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਰਵੀ ਕਾਹਲੋਂ ਪਹਿਲਾਂ ਵੀ ਮੰਤਰੀ ਸਨ ਅਤੇ ਉਹ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਹੈਰੀ ਬੈਂਸ ਵੀ ਪਹਿਲਾਂ ਮੰਤਰੀ ਰਹਿ ਚੁੱਕੇ ਹਨ। ਵਿਕਟੋਰੀਆ ਦੇ ਗਵਰਨਰ ਹਾਊਸ ਵਿਚ ਇਨ੍ਹਾਂ ਪੰਜਾਬੀਆਂ ਨੇ ਬਤੌਰ ਮੰਤਰੀ ਹਲਫ਼ ਲਿਆ।
ਪੰਜਾਬੀ ਮੂਲ ਦੀ ਰਚਨਾ ਸਿੰਘ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਸਿੱਖਿਆ ਤੇ ਬੱਚਾ ਸੰਭਾਲ ਮੰਤਰੀ ਬਣਾਇਆ ਗਿਆ ਹੈ। ਰਚਨਾ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੀ ਪੋਸਟ ਗਰੈਜੂਏਸ਼ਨ ਕੀਤੀ ਹੈ। ਉਹ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਦੂਜੀ ਪੰਜਾਬਣ ਹੈ ਪਰ ਅਹਿਮ ਮੰਤਰਾਲਾ ਮਿਲਣ ਵਾਲੀ ਪਹਿਲੀ ਦੱਖਣੀ ਏਸ਼ਿਆਈ ਔਰਤ ਬਣ ਗਈ ਹੈ।
ਰਚਨਾ ਸਿੰਘ ਨੇ ਏਜੰਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਸੰਭਾਲ ਕਰਨ ਵਾਲੀ ਸਰਕਾਰ ਵਿਚ ਅਹਿਮ ਮੰਤਰਾਲਾ ਮਿਲਣ ’ਤੇ ਮਾਣ ਮਹਿਸੂਸ ਕਰ ਰਹੀ ਹੈ ਤੇ ਹਰ ਇਕ ਨੂੰ ਮੁਫਤ ਸਿੱਖਿਆ ਦੇਣ ਲਈ ਵਚਨਬੱਧ ਹਨ। ਦੱਸਣਾ ਬਣਦਾ ਹੈ ਕਿ ਰਚਨਾ ਸਿੰਘ ਸਾਲ 2001 ਵਿਚ ਕੈਨੇਡਾ ਪੁੱਜੀ ਸੀ ਅਤੇ ਬਤੌਰ ਕਾਊਂਸਲਰ ਕੰਮ ਸ਼ੁਰੂ ਕੀਤਾ ਸੀ। ਉਹ ਪਹਿਲੀ ਵਾਰ ਮਈ 2017 ਵਿਚ ਵਿਧਾਇਕ ਚੁਣੀ ਗਈ ਅਤੇ ਮੁੜ 2020 ਵਿਚ ਐਮਐਲਏ ਬਣੀ ਹੈ।