ਬਿਉਰੋ ਰਿਪੋਰਟ : ਇੱਕ ਹਫਤੇ ਦੇ ਅੰਦਰ ਤੀਜਾ ਕਿਸਾਨ ਆਪਣੀ ਜੀਵਨ ਲੀਲਾ ਖਤਮ ਕਰਨ ਦੇ ਲਈ ਮਜ਼ਬੂਰ ਹੋ ਗਿਆ ਹੈ । ਜਗਰਾਓ ਦੇ ਪਿੰਡ ਬਸੂਵਾਲ ਵਿੱਚ 50 ਸਾਲ ਦੇ ਕਿਸਾਨ ਗੁਰਦੀਪ ਸਿੰਘ ਦੇ ਸਿਰ ‘ਤੇ 10 ਲੱਖ ਦਾ ਕਰਜ਼ ਸੀ ਅਤੇ ਜ਼ਮੀਨ ਸਿਰਫ਼ 2.5 ਏਕੜ। ਜਿਸ ਵਿੱਚ 1 ਏਕੜ ਜ਼ਮੀਨ ਉਹ ਪਹਿਲਾਂ ਹੀ ਵੇਚ ਚੁੱਕਾ ਸੀ ਹੁਣ ਉਸ ਦੇ ਕੋਲ ਸਿਰਫ 1.5 ਏਕੜ ਹੀ ਜ਼ਮੀਨ ਬਚੀ ਸੀ । ਮ੍ਰਿਤਕ ਗੁਰਦੀਪ ਸਿੰਘ ਕਾਫੀ ਸਮੇਂ ਤੋਂ ਪਰੇਸ਼ਾਨ ਸੀ । ਇਸੇ ਪਰੇਸ਼ਾਨੀ ਦੇ ਚੱਲਦਿਆ ਉਸ ਨੇ ਘਰ ਵਿੱਚ ਰੱਖੀ ਦਵਾਈ ਖਾ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ,ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਗੁਰਦੀਪ ਸਿੰਘ ਨੇ ਸਾਹ ਤਿਆਗ ਦਿੱਤੇ ।
2 ਬੱਚਿਆਂ ਦਾ ਪਿਤਾ ਸੀ ਗੁਰਦੀਪ
ਗੁਰਦੀਪ ਸਿੰਘ ਦੀ ਮੌਤ ਬਾਰੇ ਪਤਾ ਚੱਲਣ ਦੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ । ਪੁਲਿਸ ਨੇ ਧਾਰਾ 174 ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਦੀ ਪਤਨੀ ਅਤੇ 2 ਨਾਬਾਲਿਗ ਬੱਚਿਆਂ ਦਾ ਬੁਰਾ ਹਾਲ ਹੈ,ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਆਖਿਰ ਉਹ ਹੁਣ ਕੀ ਕਰਨ ? ਪਰਿਵਾਰ ਅਤੇ ਕਿਸਾਨ ਆਗੂਆਂ ਨੇ ਸਰਕਾਰ ਕੋਲੋ ਮਦਦ ਦੀ ਅਪੀਲ ਕੀਤੀ ਹੈ ।
ਪੰਜਾਬ ਵਿੱਚ ਪਿਛਲੇ 5 ਸਾਲਾਂ ਵਿੱਚ 1 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਖੇਤੀ ਮਾਹਿਰਾਂ ਮੁਤਾਬਿਕ ਕਿਸਾਨ ਇਹ ਕਦਮ ਇਸ ਲਈ ਚੁੱਕ ਰਹੇ ਹਨ ਕਿਉਂਕਿ ਕਰਜ਼ੇ ਦਾ ਵੱਧ ਬੋਝ ਹੈ । ਪੂਰੇ ਦੇਸ਼ ਦਾ ਅੰਕੜਾ ਤਾਂ ਹੋਰ ਵੀ ਭਿਆਨਕ ਹੈ । ਖੇਤੀਬਾੜੀ ਮੰਤਰਾਲਾ ਮੁਤਾਬਿਕ 2017 ਤੋਂ 2021 ਤੱਕ 28,572 ਕਿਸਾਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ । ਸਭ ਤੋਂ ਵੱਧ ਮਹਾਰਾਸ਼ਟਰ ਵਿੱਚ 12,552 ਕਿਸਾਨ ਕਰਜ਼ੇ ਦੇ ਸਾਹਮਣੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ।