Punjab

ਜਗਮੀਤ ਬਰਾੜ ਨੇ ਜ਼ਿਮਨੀ ਚੋਣ ਲੜਨ ਦਾ ਕੀਤਾ ਐਲਾਨ! ਸੁਖਬੀਰ ਬਾਦਲ ਨਾਲ ਫਿਰ ਪੈ ਸਕਦਾ ਪੇਚਾ

ਬਿਉਰੋ ਰਿਪੋਰਟ – ਗਿੱਦੜਬਾਹਾ ਜ਼ਿਮਨੀ ਚੋਣ (Gidderbaha By Poll Election) ਹੋਰ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਨੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਬਰਾੜ ਨੇ ਕਿਹਾ ਉਨ੍ਹਾਂ ਨੂੰ ਕਈ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਵੱਲੋਂ ਚੋਣ ਲੜਨ ਲਈ ਕਿਹਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਉਨ੍ਹਾਂ ਦੇ ਕਰਵਾਏ ਕੰਮਾਂ ਦੀ ਕਦਰ ਕਰਦੇ ਹੋਏ ਚੋਣ ਲੜਨ ਲਈ ਪਹੁੰਚ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕ ਕਹਿ ਰਹੇ ਹਨ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਇਸ ਹਲਕੇ ਦਾ ਜੇਕਰ ਕਿਸੇ ਨੇ ਥੋੜੇ ਸਮੇਂ ਵਿਚ ਵਿਕਾਸ ਕੀਤਾ ਹੈ ਤਾਂ ਉਹ ਉਨ੍ਹਾਂ ਨੇ ਹੀ ਕਰਵਾਇਆ ਹੈ।

ਬਰਾੜ ਨੇ ਕਿਹਾ ਕਿ ਉਹ 2004 ਤੋਂ ਬਾਅਦ ਵਿਧਾਨ ਸਭਾ ਅਤੇ ਲੋਕ ਸਭਾ ਵਿਚੋਂ ਬਾਹਰ ਹਨ, ਇਸ ਕਰਕੇ ਉਨ੍ਹਾਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਸ ਸਮੇਂ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾ ਹੈ ਅਤੇ ਕਿਸਾਨੀ ਸਮੱਸਿਆ ਕਾਫੀ ਗੰਭੀਰ ਹਨ, ਇਸ ਕਰਕੇ ਉਹ ਆਉਣ ਵਾਲੇ ਥੋੜੇ ਦਿਨਾਂ ਵਿਚ ਗਿੱਦੜਬਾਹਾ ਹਲਕੇ ਦਾ ਦੌਰਾ ਕਰਨਗੇ।

ਦੱਸ ਦੇਈਏ ਕਿ ਜਗਮੀਤ ਸਿੰਘ ਬਰਾੜ ਨੇ ਆਪਣੀ ਸਭ ਤੋਂ ਪਹਿਲੀ ਚੋਣ ਗਿੱਦੜਬਾਹਾ ਹਲਤੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੜੀ ਸੀ ਅਤੇ ਉਨ੍ਹਾਂ ਨੇ ਇਕ ਵਾਰ ਲੋਕ ਸਭਾ ਚੋਣਾਂ ਦੇ ਵਿਚ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ। ਜਗਮੀਤ ਸਿੰਘ ਬਰਾੜ ਪਹਿਲਾਂ ਕਾਂਗਰਸ ਵਿਚ ਹੁੰਦੇ ਸਨ ਅਤੇ ਫਿਰ ਅਕਾਲੀ ਦਲ ਵਿਚ ਸ਼ਾਮਲ ਹੋ ਕੇ 2022 ਦੀ ਵਿਧਾਨ ਸਭਾ ਚੋਣ ਵੀ ਲੜੀ ਸੀ ਪਰ ਕਾਮਯਾਬ ਨਹੀਂ ਹੋ ਸਕੇ ਸਨ। ਗਿੱਦੜਬਾਹਾ ਸੀਟ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫੇ ਕਾਰਨ ਖਾਲੀ ਹੋਈ ਹੈ, ਕਿਉਂਕਿ ਰਾਜਾ ਵੜਿੰਗ ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਏ ਹਨ, ਜੇਕਰ ਜਗਮੀਤ ਸਿੰਘ ਬਰਾੜ ਇੱਥੋਂ ਚੋਣ ਲੜਦੇ ਹਨ ਤਾਂ ਮੁਕਾਬਲਾ ਕਾਫੀ ਦਿਲਚਸਪ ਹੋ ਸਕਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੀਆਂ ਵੀ ਇਸ ਹਲਕੇ ਤੋਂ ਚੋਣ ਲੜਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਜੇਕਰ ਅਜਿਹਾ ਹੁੰਦਾ ਹੈ ਤਾਂ ਦੋਵੇਂ ਇਕ ਵਾਰ ਫਿਰ ਆਹਮੋ-ਸਾਹਮਣੇ ਹੋ ਸਕਦੇ ਹਨ।

ਇਹ ਵੀ ਪੜ੍ਹੋ –  ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ‘ਤੇ ਲੱਗਿਆ ਕਤਲ ਦਾ ਇਲਜ਼ਾਮ ! ਪਰਿਵਾਰ ਨੇ ਸਸਕਾਰ ਕਰਨ ਤੋਂ ਇਨਕਾਰ ਕੀਤਾ