Khetibadi Punjab

ਪੁਲਿਸ ਦੀ ਹਸਪਤਾਲ ਨਜ਼ਰਬੰਦੀ ‘ਚੋਂ ਆਜ਼ਾਦ ਹੋਏ ਜਗਜੀਤ ਸਿੰਘ ਡੱਲੇਵਾਲ, ਬਾਰਡਰ ‘ਤੇ ਜਾ ਕੇ ਕਿਸਾਨਾਂ ਨੂੰ ਕਰਨਗੇ ਸੰਬੋਧਨ

ਬਿਉਰੋ ਰਿਪੋਰਟ: ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ਤੋਂ ਹਿਰਾਸਤ ਵਿੱਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚੋਂ ਆਜ਼ਾਦ ਹੋ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਸੀ। ਪੰਜਾਬ ਪੁਲਿਸ ਡੱਲੇਵਾਲ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਈ। ਜਿਸ ਤੋਂ ਬਾਅਦ ਕਿਸਾਨ ਡੱਲੇਵਾਲ ਨੂੰ ਲੈਣ ਲਈ ਖਨੌਰੀ ਸਰਹੱਦ ਤੋਂ ਲੁਧਿਆਣਾ ਲਈ ਰਵਾਨਾ ਹੋਏ ਸਨ।

ਡੱਲੇਵਾਲ ਨੇ ਹਸਪਤਾਲ ਦੇ ਬਾਹਰ ਮੌਜੂਦ ਕਿਸਾਨ ਆਗੂਆਂ ਨੂੰ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਨਾ ਕੀਤਾ ਜਾਵੇ। ਉਹ ਬਾਹਰ ਆਉਂਦੇ ਹੀ ਸੰਬੋਧਨ ਕਰਨਗੇ ਅਤੇ ਖਨੌਰੀ ਬਾਰਡਰ ਲਈ ਰਵਾਨਾ ਹੋਣਗੇ।

DMC ਦੇ ਬਾਹਰ ਡੱਲੇਵਾਲ ਦੇ ਵੱਡੇ ਐਲਾਨ ਤੇ ਖ਼ੁਲਾਸੇ

1. ਮੇਰਾ ਮਰਨ ਵਰਤ 26 ਨਵੰਬਰ ਤੋਂ ਹੀ ਜਾਰੀ ਹੈ, ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ
2. ⁠ਹਸਪਤਾਲ ‘ਚ ਮੈਨੂੰ ਨਜ਼ਰਬੰਦ ਕਰਕੇ ਰੱਖਿਆ ਗਿਆ
3. ⁠ਹਸਪਤਾਲ ‘ਚ ਮੇਰਾ ਕਿਸੇ ਕਿਸਮ ਦਾ ਚੈੱਕਅਪ ਨਹੀਂ ਕੀਤਾ ਗਿਆ
4. ⁠ਮੇਰੇ ਅਤੇ ਵਾਰਡ ‘ਚ ਮੌਜੂਦ ਹਰ ਮਰੀਜ਼ ਦੇ ਫੋਨ ਜ਼ਬਤ ਕੀਤੇ ਗਏ
5. ⁠ਮੋਰਚੇ ਤੋਂ ਰਾਤ ਨੂੰ ਢਾਈ ਵਜੇ ਤੰਬੂ ਦੇ ਦਰਵਾਜੇ ਤੋੜਕੇ ਮੈਨੂੰ ਚੱਕਿਆ ਗਿਆ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਮੀਟੰਗ ਵਿੱਚ ਸਾਡੀ ਪੰਜਾਬ ਸਰਕਾਰ ਤੋਂ ਇੱਕ ਹੀ ਮੰਗ ਸੀ ਕਿ ਡੱਲੇਵਾਲ ਨੂੰ ਰਿਹਾਅ ਕੀਤਾ ਜਾਵੇ। ਸਰਕਾਰ ਨੇ ਸਾਡੀ ਮੰਗ ਮੰਨ ਲਈ ਹੈ। ਉਹ ਖਨੌਰੀ ਸਰਹੱਦ ’ਤੇ ਮੋਰਚੇ ਵਿੱਚ ਸ਼ਾਮਲ ਹੋਣਗੇ। ਉਸ ਦਾ ਮਰਨ ਵਰਤ ਜਾਰੀ ਰਹੇਗਾ। ਡੱਲੇਵਾਲ ਦੇ ਆਉਣ ਤੋਂ ਬਾਅਦ 1 ਦਸੰਬਰ ਦੇ ਧਰਨੇ ਸਬੰਧੀ ਫੈਸਲਾ ਲਿਆ ਜਾਵੇਗਾ।

ਦਰਅਸਲ 26 ਨਵੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਸਰਹੱਦ ’ਤੇ ਆਪਣਾ ਮਰਨ ਵਰਤ ਸ਼ੁਰੂ ਕਰਨਾ ਸੀ। ਇਸ ਤੋਂ ਪਹਿਲਾਂ ਰਾਤ 2 ਵਜੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਸ ਨੂੰ ਖਨੌਰੀ ਬਾਰਡਰ ’ਤੇ ਇੱਕ ਟੈਂਟ ਤੋਂ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ।

ਇਸ ਮਗਰੋਂ ਕਿਸਾਨਾਂ ਨੇ ਖਨੌਰੀ ਸਰਹੱਦ ’ਤੇ ਮੀਟਿੰਗ ਕੀਤੀ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸਾਬਕਾ ਫੌਜੀ ਸੁਖਜੀਤ ਸਿੰਘ ਹਰਦੋਝੰਡੇ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠਣਗੇ। ਉਨ੍ਹਾਂ ਦੇ ਮਰਨ ਵਰਤ ਦਾ ਅੱਜ ਚੌਥਾ ਦਿਨ ਹੈ।

ਡੱਲੇਵਾਲ ਨੂੰ ਲੈ ਕੇ ਚਿੰਤਤ ਸੀ ਪੰਜਾਬ ਸਰਕਾਰ – ਆਈਜੀ

ਕਿਸਾਨ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ। ਜਲਦੀ ਹੀ ਕਿਸਾਨ ਆਗੂ ਉਨ੍ਹਾਂ ਨੂੰ ਖਨੌਰੀ ਸਰਹੱਦ ’ਤੇ ਲੈ ਕੇ ਆਉਣਗੇ। ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਤ ਸੀ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਵੀ ਪੜਾਅ ’ਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾਵੇਗੀ।