ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 57ਵਾਂ ਦਿਨ ਹੈ। ਜਗਜੀਤ ਸਿੰਘ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਤੋਂ ਮਨ੍ਹਾ ਕਰ ਦਿੱਤਾ। ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ।
ਇਸ ਸੰਬੰਧੀ ਡੀ.ਐਸ.ਪੀ. ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਗੁਲੂਕੋਜ਼ ਲਾਉਣ ਵਾਲਾ ਡਾਕਟਰ ਦੱਖਣੀ ਭਾਰਤ ਦਾ ਹੋਣ ਕਰਕੇ ਉਸ ਦੀ ਭਾਸ਼ਾ ਸਮਝ ਨਹੀਂ ਆਈ, ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਉਨ੍ਹਾਂ ਨੂੰ ਮਨ੍ਹਾ ਕੀਤਾ ਸੀ।
ਇਸ ਸੰਬੰਧੀ ਮੋਰਚੇ ਦੇ ਪ੍ਰਮੁੱਖ ਆਗੂ ਕਾਕਾ ਸਿੰਘ ਕੋਟੜਾ ਨੇ ਸਿਹਤ ਮੰਤਰੀ ਡਾ. ਬਲਵੀਰ ਸਿਘ ਨਾਲ ਵੀ ਫੋਨ ’ਤੇ ਗੱਲ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰੀ ਡਾਕਟਰ ਸ. ਡੱਲੇਵਾਲ ਦਾ ਇਲਾਜ਼ ਕਰਨ ਤੋਂ ਅਸਮਰਥ ਹਨ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ।
ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਪਹਿਲਾਂ ਉੱਕਤ ਟ੍ਰੇਨਰ ਨੇ ਡੱਲੇਵਾਲ ਨੂੰ ਛੋਟੀ ਡ੍ਰਿਪ ਲਗਾਈ ਸੀ ਜੋ ਅੱਧੇ ਘੰਟੇ ਤੱਕ ਸਮਾਪਤ ਕਰਨੀ ਹੁੰਦੀ ਹੈ ਪਰ ਉੱਕਤ ਟ੍ਰੇਨਿੰਗ ਡਾਕਟਰ ਨੇ ਡ੍ਰਿਪ ਬਹੁਤ ਹੌਲੀ ਲਗਾ ਦਿੱਤੀ ਫਿਰ ਉਸ ਨੂੰ ਵਧਾ ਦਿੱਤਾ। ਡ੍ਰਿਪ ਵਧਾਉਣ ਨਾਲ ਡੱਲੇਵਾਲ ਦੇ ਦਰਦ ਹੋਣ ਲੱਗ ਪਿਆ। ਉਨ੍ਹਾਂ ਦੀ ਬਾਂਹ ਸੁੱਜ ਗਈ ਸੀ।
ਫਿਰ ਉਨ੍ਹਾਂ ਨੇ ਉਸ ਨੂੰ ਘਟਾਉਣ ਲਈ ਕਿਹਾ। ਇਸ ਤੋਂ ਬਾਅਦ ਉੱਕਤ ਟ੍ਰੇਨਰ ਘਬਰਾ ਗਿਆ ਜਦ ਉਸ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬਾਕੀ ਡਾਕਟਰ ਸੁੱਤੇ ਪਏ ਹਨ ਤੇ ਮੈਂ ਟ੍ਰੇਨਿੰਗ ‘ਤੇ ਹਾਂ। ਇਸ ਤੋਂ ਬਾਅਦ ਡੱਲੇਵਾਲ ਨੇ ਉਸ ਨੂੰ ਡ੍ਰਿਪ ਲਗਾਉਣ ਤੋਂ ਮਨ੍ਹਾ ਕਰ ਦਿੱਤਾ।
ਕਾਕਾ ਕੋਟੜਾ ਨੇ ਕਿਹਾ ਕਿ ਇਹ ਬਹੁਤ ਵੱਡੀ ਅਣਗਹਿਲੀ ਹੈ। ਇਨ੍ਹਾਂ ਨੇ ਵਾਅਦਾ ਚੰਗੀ ਡਾਕਟਰੀ ਟੀਮ ਦਾ ਕੀਤਾ ਸੀ ਪਰ ਇਹ ਤਾਂ ਮਾਰਨ ਵਾਲੇ ਕੰਮ ਕਰ ਰਹੇ ਹਨ। ਜਿਵੇਂ ਹੀ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਸਵੇਰ ਸਾਰ ਹੀ ਖਨੌਰੀ ਪਹੁੰਚ ਗਏ ਤੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਅਜਿਹੀ ਕੋਈ ਅਣਗਹਿਲੀ ਨਹੀਂ ਹੋਵੇਗੀ। ਇਸ ਮੌਕੇ ਏ.ਡੀ.ਸੀ. ਪਟਿਆਲਾ ਈਸ਼ਾ ਸਿੰਘਲ, ਸਿਵਲ ਸਰਜਨ ਪਟਿਆਲਾ, ਐਸ.ਡੀ.ਐਮ. ਅਸ਼ੋਕ ਕੁਮਾਰ ਡੀ.ਐਸ.ਪੀ. ਇੰਦਰਪਾਲ ਸਿੰਘ ਚੌਹਾਨ ਸਮੇਤ ਹੋਰ ਅਧਿਕਾਰੀ ਮੌਜੂਦ ਸਨ।