ਬਿਊਰੋ ਰਿਪੋਰਟ : ਕੈਨੇਡਾ ਵਿੱਚ 13 ਦਿਨਾਂ ਅੰਦਰ ਤੀਜੇ ਪੰਜਾਬੀ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਹੋ ਗਈ ਹੈ । ਤਾਜ਼ਾ ਮਾਮਲਾ ਭਦੌੜ ਦੇ ਪਿੰਡ ਸੰਧੂ ਕਲਾਂ ਤੋਂ ਸਾਹਮਣੇ ਆਇਆ ਹੈ ਜਿੱਥੇ 17 ਸਾਲ ਦੇ ਨੌਜਵਾਨ ਜਗਜੀਤ ਸਿੰਘ ਦੀ ਮੌਤ ਦੀ ਖਬਰ ਨਾਲ ਪੂਰਾ ਪਿੰਡ ਗਮਹੀਨ ਹੈ । 10 ਦਿਨ ਪਹਿਲਾਂ ਹੀ ਉਹ ਪੜ੍ਹਾਈ ਅਤੇ ਰੋਜ਼ਗਾਰ ਦੇ ਲਈ ਕੈਨੇਡਾ ਗਿਆ ਸੀ। ਕੈਨੇਡਾ ਵਿੱਚ ਹੁਣ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਜਗਜੀਤ ਦੇ ਪਰਿਵਾਰ ਮੁਤਾਬਿਕ ਜਗਜੀਤ 14 ਜੁਲਾਈ ਨੂੰ ਕੈਨੇਡਾ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕੈਨੇਡਾ ਵਿੱਚ ਉਸ ਦੀ ਮੌਤ ਇੰਤਜ਼ਾਰ ਕਰ ਰਹੀ ਸੀ । ਪਰਿਵਾਰ ਨੇ ਦੱਸਿਆ ਕਿ 4 ਮਹੀਨ ਪਹਿਲਾਂ ਹੀ ਮ੍ਰਿਤਕ ਜਗਜੀਤ ਦੀ ਭੈਣ ਕੈਨੇਡਾ ਪੜ੍ਹਾਈ ਕਰਨ ਗਈ ਸੀ । ਜਿਸ ਤੋਂ ਬਾਅਦ ਜਗਜੀਤ ਵੀ ਚੱਲਾ ਗਿਆ । ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮ੍ਰਿਤਕ ਦੇਹ ਘਰ ਲਿਆਈ ਜਾਵੇ। ਇਸ ਤੋਂ ਪਹਿਲਾਂ ਵੀ 2 ਪੰਜਾਬ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖਬਰ ਆਈ ਸੀ ।
ਰਜਤ ਅਤੇ ਸੰਜੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ
20 ਜੁਲਾਈ ਨੂੰ ਗੁਰਦਾਪੁਰ ਦੇ ਰਜਤ ਮਹਿਰਾ ਦੀ ਮੌਤ ਹੋ ਗਈ ਹੈ । ਰਜਤ 21 ਦਿਨ ਪਹਿਲਾਂ ਕੈਨੇਡਾ ਪੜਨ ਦੇ ਲਈ ਗਿਆ ਸੀ । ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਜਤ ਮਹਿਰਾ ਦੇ ਵੱਡੇ ਭਰਾ ਅਤੁਲ ਮਹਿਰਾ ਅਤੇ ਪਿਤਾ ਅਸ਼ਵਨੀ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ MBA ਦੀ ਪੜਾਈ ਕਰਨ ਦੇ ਲਈ ਕੈਨੇਡਾ ਗਿਆ ਸੀ । ਉਸ ਨੂੰ ਗਏ ਹੋਏ 21 ਦਿਨ ਹੀ ਹੋਏ ਸਨ । ਜਦੋਂ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਹੈਰਾਨ ਹੋ ਗਏ । ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਹਾਲਾਂਕਿ ਮ੍ਰਿਤਕ ਦੇਹ ਨੂੰ ਆਉਣ ਵਿੱਚ 2 ਤੋਂ 3 ਦਿਨ ਦਾ ਸਮਾਂ ਲੱਗੇਗਾ । ਇਸ ਤੋਂ ਪਹਿਲਾਂ 13 ਜੁਲਾਈ ਨੂੰ ਜਲਾਲਾਬਾਦ ਦੇ ਸੰਜੇ ਦੀ ਵੀ ਇਸੇ ਤਰ੍ਹਾਂ ਮੌਤ ਦੀ ਖਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ। 26 ਸਾਲ ਦਾ ਸੰਜੇ ਕੈਨੇਡਾ ਦੇ ਬ੍ਰਿਮਟਨ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉਸ ਨੂੰ ਵੀ ਦਿਲ ਦਾ ਦੌਰਾ ਪਿਆ ਸੀ । ਸੰਜੇ ਕੰਮ ਤੋਂ ਪਰਤ ਕੇ ਸੁੱਤਾ ਹੋਇਆ ਸੀ । ਪਰ ਸਵੇਰੇ ਉਸ ਦੇ ਸਾਹ ਨਹੀਂ ਚੱਲ ਰਹੇ ਸਨ ।
ਸੰਜੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਕੈਨੇਡਾ ਵਿੱਚ ਕਾਨੂੰਨ ਦੀ ਪੜਾਈ ਕਰ ਰਿਹਾ ਸੀ । ਫਿਲਹਾਲ ਉਹ ਕੈਨੇਡਾ ਦੇ ਇਕ ਡਰਾਇਵਿੰਗ ਸਕੂਲ ਵਿੱਚ ਕੰਮ ਕਰ ਰਿਹਾ ਸੀ । ਉਹ ਨੌਜਵਾਨਾਂ ਨੂੰ ਗੱਡੀ ਚਲਾਉਣੀ ਸਿਖਾਉਂਦਾ ਸੀ । ਰਾਤ ਉਹ ਕੰਮ ਤੋਂ ਪਰਤਿਆ ਤਾਂ ਅਪਾਰਟਮੈਂਟ ਵਿੱਚ ਸੋਹ ਗਿਆ । ਸਵੇਰ ਜਦੋਂ ਉਸ ਦੇ ਪਰਿਵਾਰ ਨੇ ਫੋਨ ਕੀਤਾ ਤਾਂ ਉਸ ਨੇ ਫੋਨ ਚੁੱਕਿਆ ਨਹੀਂ। ਇਸ ਦੇ ਬਾਅਦ ਮਾਤਾ-ਪਿਤਾ ਨੇ ਦੋਸਤਾਂ ਨੂੰ ਫੋਨ ਕੀਤਾ । ਜਦੋਂ ਦੋਸਤਾਂ ਨੇ ਜਾਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ । ਸੰਜੇ ਮਾਪਿਆਂ ਦਾ ਇਕਲੌਤਾ ਪੁੱਤ ਸੀ । ਕੁਝ ਦਿਨ ਬਾਅਦ ਪਿਤਾ ਨੇ ਉਸ ਨੂੰ ਮਿਲਣ ਦੇ ਲਈ ਕੈਨੇਡਾ ਜਾਣਾ ਸੀ । ਪੁੱਤਰ ਵੱਲੋਂ ਪਿਤਾ ਦੇ ਕੈਨੇਡਾ ਆਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪਰਿਵਾਰ ਨੇ ਭਾਰਤ ਸਰਕਾਰ ਤੋਂ ਉਸ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ ।
ਕੀ ਹੁੰਦਾ ਹੈ sudden Cardiac Arrest ?
ਡਾ: ਵਨੀਤਾ ਅਰੋੜਾ ਦਾ ਕਹਿਣਾ ਹੈ ਕਿ ਅਚਾਨਕ ਕਾਰਡੀਅਕ ਅਰੇਸਟ ਦੌਰਾਨ ਵਿਅਕਤੀ ਦਾ ਦਿਲ, ਖੂਨ ਨੂੰ ਪੰਪ ਕਰਨਾ ਬੰਦ ਕਰ ਦਿੰਦਾ ਹੈ ਅਤੇ ਦਿਲ ਸਟੈਂਡ ਸਟਿਲ ਸਥਿਤੀ ਵਿੱਚ ਚਲਾ ਜਾਂਦਾ ਹੈ। ਇਸ ਕਾਰਨ ਦਿਮਾਗ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਵਿਅਕਤੀ ਅਚਾਨਕ ਬੇਹੋਸ਼ ਹੋ ਜਾਂਦਾ ਹੈ। ਇਸ ਦੌਰਾਨ ਦਿਲ ਦੀ ਧੜਕਣ ਅਸਧਾਰਨ ਹੋ ਜਾਂਦੀ ਹੈ। ਸਾਧਾਰਨ ਦਿਲ ਦੀ ਧੜਕਣ 60-90 bpm ਹੁੰਦੀ ਹੈ, ਜੋ ਕਿ ਦਿਲ ਦੇ ਦੌਰੇ ਵਿੱਚ 250-350 bpm ਤੱਕ ਜਾਂਦੀ ਹੈ।
ਜੇਕਰ ਦਿਲ ਦਾ ਦੌਰਾ ਪੈਣ ਤੋਂ ਬਾਅਦ ਕੁਝ ਮਿੰਟਾਂ ਦੇ ਅੰਦਰ ਇਲਾਜ ਨਹੀਂ ਮਿਲਦਾ, ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਅਜਿਹੇ ‘ਚ ਜ਼ਿਆਦਾਤਰ ਲੋਕ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਜਾਨ ਗੁਆ ਲੈਂਦੇ ਹਨ।
ਸਭ ਤੋਂ ਵੱਡਾ ਕਾਰਨ ਖਰਾਬ ਜੀਵਨ ਸ਼ੈਲੀ
ਕਾਰਡੀਓਲੋਜਿਸਟ ਡਾ: ਵਨੀਤਾ ਅਰੋੜਾ ਅਨੁਸਾਰ ਅੱਜ ਦੇ ਯੁੱਗ ਵਿੱਚ ਨੌਜਵਾਨਾਂ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਖਰਾਬ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਗਲਤ ਆਦਤਾਂ, ਜ਼ਿਆਦਾ ਤਣਾਅ ਅਤੇ ਸਿਗਰਟਨੋਸ਼ੀ ਹੈ।
ਕਲੋਟ ਬਣਨ ਦੇ ਮਾਮਲੇ ਵਧੇ
ਕੋਵਿਡ -19 ਤੋਂ ਬਾਅਦ, ਲੋਕਾਂ ਦੀਆਂ ਕੋਰੋਨਰੀ ਆਰਟਰੀਜ (Coronary Arteries) ਵਿੱਚ ਕਲੋਟ ਬਣਨ ਦੇ ਮਾਮਲੇ ਵੱਧ ਗਏ ਹਨ, ਜਿਸ ਕਾਰਨ ਅਚਾਨਕ ਦਿਲ ਦਾ ਦੌਰਾ ਪੈਣ ਅਤੇ ਦਿਲ ਦੀਆਂ ਹੋਰ ਬਿਮਾਰੀਆਂ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਅੱਜ ਦੇ ਯੁੱਗ ਵਿੱਚ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਅਤੇ ਉਨ੍ਹਾਂ ਦੇ ਦਿਲ ਦੀ ਸਿਹਤ ਬਹੁਤ ਖ਼ਰਾਬ ਹੋ ਜਾਂਦੀ ਹੈ।
ਤਣਾਅ ਦਿਲ ਦੀ ਸਿਹਤ ਲਈ ਸਭ ਤੋਂ ਵੱਡਾ ਖਤਰਾ
ਦਿਲ ਦੇ ਮਾਹਿਰਾਂ ਅਨੁਸਾਰ ਅੱਜ ਦੇ ਦੌਰ ਵਿੱਚ ਤਣਾਅ ਦਿਲ ਦੀ ਸਿਹਤ ਲਈ ਸਭ ਤੋਂ ਵੱਡਾ ਖਤਰਾ ਬਣ ਰਿਹਾ ਹੈ। ਜੇਕਰ ਤੁਹਾਡੀ ਮਾਨਸਿਕ ਸਿਹਤ ਠੀਕ ਰਹੇਗੀ ਤਾਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਵੇਗਾ। ਜ਼ਿਆਦਾ ਤਣਾਅ ਦੇ ਕਾਰਨ ਸਰੀਰ ਵਿੱਚ ਕੁਝ ਹਾਰਮੋਨ ਨਿਕਲਦੇ ਹਨ, ਜੋ ਸਾਡੇ ਦਿਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਤਣਾਅ ਦੇ ਕਾਰਨ, ਖੂਨ ਦੀ ਸਪਲਾਈ ਕਰਨ ਵਾਲੀਆਂ ਆਰਟਰੀਜ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਦਿਲ ਦਾ ਇਲੈਕਟ੍ਰੀਕਲ ਨੈਟਵਰਕ ਸ਼ਾਰਟ ਸਰਕਟ ਹੋ ਜਾਂਦਾ ਹੈ। ਅਜਿਹੇ ‘ਚ ਹਰ ਕਿਸੇ ਨੂੰ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕੇ।
-ਦਿਲ ਨੂੰ ਇਸ ਤਰ੍ਹਾਂ ਤੰਦਰੁਸਤ ਰੱਖੋ
-ਸਿਹਤਮੰਦ ਜੀਵਨ ਸ਼ੈਲੀ ਅਪਣਾਓ
– ਹਰ ਰੋਜ਼ ਕਸਰਤ ਕਰੋ
-ਸਿਹਤਮੰਦ ਖੁਰਾਕ ਲੈਣੀ ਚਾਹੀਦੀ ਹੈ
– ਸਿਗਰਟਨੋਸ਼ੀ ਤੋਂ ਤੁਰੰਤ ਪਰਹੇਜ਼ ਕਰੋ
-ਆਪਣੇ ਆਪ ਨੂੰ ਸਰੀਰਕ ਤੌਰ ‘ਤੇ ਸਰਗਰਮ ਰੱਖੋ
-ਸਮੇਂ-ਸਮੇਂ ‘ਤੇ ਸਿਹਤ ਜਾਂਚ ਕਰਵਾਓ
– ਆਪਣੇ ਭਾਰ ‘ਤੇ ਕਾਬੂ ਰੱਖੋ
-ਸ਼ੂਗਰ, ਬੀਪੀ, ਕੋਲੈਸਟ੍ਰੋਲ ਨੂੰ ਕੰਟਰੋਲ ਕਰੋ
-ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ, ਤੁਰੰਤ ਕਾਰਡੀਓਲੋਜਿਸਟ ਨਾਲ ਸੰਪਰਕ ਕਰੋ।