ਬਿਊਰੋ ਰਿਪੋਰਟ (ਚੰਡੀਗੜ੍ਹ, 4 ਦਸੰਬਰ 2025): ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ‘ਜੱਗੀ ਜੌਹਲ’ ਦੀ ਗ੍ਰਿਫ਼ਤਾਰੀ ਦੌਰਾਨ ਪੰਜਾਬ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸਾਮਾਨ (ਕੇਸ ਪ੍ਰਾਪਰਟੀ) ਵਿੱਚੋਂ ਸੋਨੇ ਦੀ ਚੇਨ ਅਤੇ ਮੁੰਦਰੀ ਗਾਇਬ ਹੋਣ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੱਗੀ ਜੌਹਲ ਦੇ ਵਕੀਲ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਨੇ ਅਦਾਲਤੀ ਕਾਰਵਾਈ ਦਾ ਵੇਰਵਾ ਦਿੰਦਿਆਂ ਪੁਲਿਸ ਅਧਿਕਾਰੀਆਂ ‘ਤੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਜੱਗੀ ਜੌਹਲ ਨੂੰ 4 ਨਵੰਬਰ 2017 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਡੀ.ਐਸ.ਪੀ. ਬਲਵਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਉਸ ਕੋਲੋਂ 10 ਤੋਲੇ (100 ਗ੍ਰਾਮ) ਸੋਨੇ ਦੀ ਚੇਨ ਅਤੇ ਅੱਧੇ ਤੋਲੇ ਦੀ ਮੁੰਦਰੀ ਜ਼ਬਤ ਕੀਤੀ ਸੀ।
ਜੱਗੀ ਜੌਹਲ ਦੇ ਪਰਿਵਾਰ ਵੱਲੋਂ ਗੋਗਣਾ ਜਿਊਲਰ, ਸਕਾਟਲੈਂਡ, ਯੂ.ਕੇ. ਦੀ ਰਸੀਦ ਅਤੇ ਵਿਆਹ ਦੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਚੇਨ ਦਾ ਵਜ਼ਨ ਅਤੇ ਮਹੱਤਤਾ ਦੱਸੀ ਗਈ ਹੈ। ਪਰਿਵਾਰ ਮੁਤਾਬਕ, ਇਹ ਚੇਨ ਜੱਗੀ ਜੌਹਲ ਨੂੰ ਉਨ੍ਹਾਂ ਦੀ ਮਾਤਾ ਨੇ ਜਨਮਦਿਨ ‘ਤੇ ਤੋਹਫ਼ੇ ਵਜੋਂ ਦਿੱਤੀ ਸੀ ਅਤੇ ਇਹ ਉਨ੍ਹਾਂ ਦੀ ਮਾਂ ਦੀ ਨਿਸ਼ਾਨੀ ਹੈ।
ਪੁਲਿਸ ਦੀ ਅਦਾਲਤ ਵਿੱਚ ਰਿਪੋਰਟ
ਪੁਲਿਸ ਨੇ ਅਦਾਲਤ ਵਿੱਚ ਆਪਣੀ ਰਿਪੋਰਟ ਵਿੱਚ ਮੰਨਿਆ ਹੈ ਕਿ ਜ਼ਮਾਨਤੀ ਰਸ਼ੀਦ ਦੇ ਬਾਕੀ ਸਾਰੇ ‘ਆਰਟੀਕਲ’ (ਸਮਾਨ) ਲੱਭ ਨਹੀਂ ਰਹੇ। ਉਨ੍ਹਾਂ ਸਿਰਫ਼ ਇੱਕ ਮੋਬਾਈਲ ਫੋਨ ਮਿਲਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਸਪੈਸ਼ਲ ਟੀਮਾਂ ਬਣਾ ਕੇ ਜਾਂਚ ਕਰ ਰਹੇ ਹਨ ਕਿ ਕਿਸ ਨੇ ਅਮਾਨਤ ਵਿੱਚ ਖਿਆਨਤ ਕੀਤੀ ਹੈ ਜਾਂ ਕਿਸ ਨੇ ਸਮਾਨ ਖਾਧਾ ਹੈ, ਜਿਸਦੀ ਰਿਪੋਰਟ ਬਾਅਦ ਵਿੱਚ ਦਿੱਤੀ ਜਾਵੇਗੀ।
ਵਕੀਲ ਦਾ ਵੱਡਾ ਇਲਜ਼ਾਮ
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਧੇ ਤੌਰ ‘ਤੇ ਇਲਜ਼ਾਮ ਲਾਇਆ ਕਿ ਜੱਗੀ ਜੌਹਲ ਦੀ ਗ੍ਰਿਫ਼ਤਾਰੀ ਸਮੇਂ ਮੌਜੂਦ ਸਾਬਕਾ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਇਹ ਸੋਨਾ ਹੜੱਪ ਲਿਆ ਹੈ। ਉਨ੍ਹਾਂ ਨੇ ਖਾਸ ਤੌਰ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਐਸ.ਐਸ.ਪੀ. ਸੁਰੇਸ਼ ਅਰੋੜਾ ‘ਤੇ ਉਂਗਲ ਚੁੱਕੀ।
ਮੰਜਪੁਰ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਦਿਨਕਰ ਗੁਪਤਾ ਕੋਲ ਕਿਸ ਚੀਜ਼ ਦੀ ਕਮੀ ਸੀ ਜੋ ਉਨ੍ਹਾਂ ਨੂੰ ਜੱਗੀ ਜੌਹਲ ਦੀ ਚੇਨ ਖਾਣੀ ਪਈ? ਇੱਕ ਨੌਜਵਾਨ ‘ਤੇ ਝੂਠੇ ਕੇਸ ਪਾਏ ਅਤੇ ਉਸਦਾ ਸੋਨਾ ਵੀ ਚੋਰੀ ਕਰ ਲਿਆ।”
ਅੱਜ, 4 ਦਸੰਬਰ 2025 ਨੂੰ, ਐਡਵੋਕੇਟ ਮੰਜਪੁਰ ਨੇ ਬਾਘਾ ਪੁਰਾਣਾ ਥਾਣੇ ਜਾ ਕੇ ਉਹ ਮੋਬਾਈਲ ਫੋਨ ਪ੍ਰਾਪਤ ਕਰ ਲਿਆ ਹੈ।
ਹਾਈ ਕੋਰਟ ਜਾਣ ਦਾ ਐਲਾਨ
ਐਡਵੋਕੇਟ ਮੰਜਪੁਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਤੋਂ ਲੈ ਕੇ ਡੀ.ਐਸ.ਪੀ. ਅਤੇ ਐਸ.ਐਚ.ਓ. ਤੱਕ ਦੇ ਸਾਰੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਸ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜਵਾਬਦੇਹ ਬਣਾਉਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਸਾਨੂੰ ਪੈਸਾ ਨਹੀਂ, ਸਗੋਂ ਸਾਡਾ ਜ਼ਬਤ ਕੀਤਾ ਗਿਆ 10 ਤੋਲੇ ਦੀ ਚੇਨ ਅਤੇ ਅੱਧੇ ਤੋਲੇ ਦੀ ਮੁੰਦਰੀ ਵਾਪਸ ਚਾਹੀਦੀ ਹੈ।

