ਚੰਡੀਗੜ੍ਹ : ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਗਏ ਜਗਦੀਸ਼ ਭੋਲਾ ਨੂੰ ਆਖਰਕਾਰ ਜ਼ਮਾਨਤ ਮਿਲ ਗਈ ਹੈ ਪਰ ਇਹ ਆਜ਼ਾਦੀ ਸਿਰਫ਼ ਇੱਕ ਦਿਨ ਦੀ ਹੈ। ਹਾਈ ਕੋਰਟ ਵਿੱਚ ਲਾਈ ਆਪਣੀ ਜ਼ਮਾਨਤ ਦੀ ਅਰਜ਼ੀ ਵਿੱਚ ਆਪਣੀ ਬੀਮਾਰ ਮਾਂ ਦਾ ਹਵਾਲਾ ਦਿੱਤਾ ਸੀ । ਜਿਸ ਨੂੰ ਅਦਾਲਤ ਨੇ ਮੰਨਜ਼ੂਰ ਕਰ ਲਿਆ ਹੈ ਤੇ ਇਕ ਦਿਨ ਦੀ ਜ਼ਮਾਨਤ ਜਗਦੀਸ਼ ਭੋਲਾ ਨੂੰ ਦੇ ਦਿੱਤੀ ਹੈ।ਹਾਲਾਂਕਿ ਇਹ ਸ਼ਰਤ ਰੱਖੀ ਗਈ ਹੈ ਕਿ ਜ਼ਮਾਨਤ ਲਈ ਨਿਰਧਾਰਤ ਕੀਤੇ ਗਏ ਦਿਨ 17 ਮਾਰਚ ਨੂੰ ਉਹ ਪੁਲਿਸ ਕਸਟਡੀ ਵਿੱਚ ਹੀ ਆਪਣੀ ਮਾਂ ਨੂੰ ਮਿਲ ਸਕੇਗਾ।
ਹਾਲਾਂਕਿ ਇਸ ਤੋਂ ਕੁੱਝ ਮਹੀਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਸ਼ਾ ਤਸਕਰੀ ਮਾਮਲੇ ਦੇ ਮੁੱਖ ਦੋਸ਼ੀ ਮੰਨੇ ਗਏ ਜਗਦੀਸ਼ ਭੋਲਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਦੱਸ ਦੇਈਏ ਕਿ ਈਡੀ ਨੇ ਭੋਲਾ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ ਤੇ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ।ਦੱਸ ਦਈਏ ਕਿ ਭੋਲੇ ਨੂੰ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।ਜਗਦੀਸ਼ ਭੋਲਾ ਕੋਲੋਂ ਸਿੰਥੈਟਿਕ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਅਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਹਨ। ਸੰਨ 2012 ਵਿੱਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ।
ਜ਼ਗਦੀਸ਼ ਭੋਲਾ ਦਾ ਪਿਛੋਕੜ ਪੰਜਾਬ ਦੇ ਮਾਲਵਾ ਖਿੱਤੇ ਨਾਲ ਹੈ ਤੇ ਉਸ ਦਾ ਜੱਦੀ ਪਿੰਡ ਬਠਿੰਡੇ ਦਾ ਹੀ ਰਾਏਕਾ ਕਲਾਂ ਹੈ। ਉਹ ਕੁਸ਼ਤੀ ਦਾ ਖਿਡਾਰੀ ਰਿਹਾ ਹੈ ਤੇ ਉਸ ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਵੀ ਜਿੱਤਿਆ ਹੈ। ਜਿਸ ਮਗਰੋਂ ਉਸ ਨੂੰ ਅਰਜਨ ਐਵਾਰਡ ਦੇ ਨਾਲ-ਨਾਲ ਰੁਸਤਮ-ਏ-ਹਿੰਦ ਦਾ ਖਿਤਾਬ ਵੀ ਮਿਲਿਆ। ਪੰਜਾਬ ਸਰਕਾਰ ਨੇ ਉਸ ਨੂੰ ਪੁਲਿਸ ਵਿਚ ਡੀਐੱਸਪੀ ਦੀ ਨੌਕਰੀ ਦਿੱਤੀ।ਪਰ ਬਾਅਦ ਵਿਚ ਡਰੱਗ ਤਸਕਰੀ ਮਾਮਲੇ ਵਿਚ ਫਸਣ ਕਾਰਨ ਨੌਕਰੀ ਤੋਂ ਫਾਰਗ ਕਰ ਦਿੱਤਾ।
ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੂੰ 12 ਨਵੰਬਰ, 2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਇਹ ਗ੍ਰਿਫ਼ਤਾਰੀ ਕੈਨੇਡੀਅਨ ਪਰਵਾਸੀ ਅਨੂਪ ਕਾਹਲੋਂ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਹੋਈ ਸੀ।
ਭੋਲਾ ਦੀ ਨਿਸ਼ਾਨਦੇਹੀ ਉੱਤੇ ਹੋਰ ਵੀ ਕਈ ਗ੍ਰਿਫ਼ਤਾਰੀਆਂ ਹੋਈਆਂ ਤੇ ਕੁਝ ਸਿਆਸਤਦਾਨਾਂ ਦੇ ਲਿੰਕ ਵੀ ਮਾਮਲੇ ਨਾਲ ਜੁੜੇ।ਇਸ ਖੁਲਾਸੇ ਕਾਰਨ ਤਤਕਾਲੀ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ ਤੇ ਉਸ ਦੇ ਪੁੱਤਰ ਧਰਮਵੀਰ ਨੂੰ ਵੀ ਈਡੀ ਅੱਗੇ ਪੇਸ਼ ਹੋਣਾ ਪਿਆ। ਜਿਸ ਮਗਰੋ 13 ਅਕਤੂਬਰ 2014 ਨੂੰ ਸਾਬਕਾ ਮੰਤਰੀ ਫ਼ਿਲੌਰ ਅਤੇ ਸੀਪੀਐੱਸ ਅਵਿਨਾਸ਼ ਚੰਦਰ ਨੂੰ ਈਡੀ ਅੱਗੇ ਪੇਸ਼ ਹੋਣਾ ਪਿਆ ਅਤੇ 17 ਨੂੰ ਜਲੰਧਰ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਸੰਤੋਖ਼ ਚੌਧਰੀ ਅਤੇ 20 ਨੂੰ ਐੱਨਆਰਆਈ ਸਭਾ ਦੇ ਸਾਬਕਾ ਚੇਅਰਮੈਨ ਕਮਲਜੀਤ ਹੇਅਰ ਵੀ ਈਡੀ ਅੱਗੇ ਪੇਸ਼ ਹੋਏ।
ਇਸ ਮਾਮਲੇ ਵਿਚ ਤਤਕਾਲੀ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਵੀ ਜੁੜਿਆ ਅਤੇ ਉਹ ਵੀ 26 ਦਸੰਬਰ 2014 ਨੂੰ ਈਡੀ ਅੱਗੇ ਪੇਸ਼ ਹੋਏ।
ਜਨਵਰੀ 2018 ਵਿਚ ਡਰੱਗਜ਼ ਮਾਮਲੇ ਵਿਚ ਭੋਲਾ ਸਮੇਤ 13 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਤੇ 13 ਫਰਵਰੀ 2019 ਨੂੰ ਉਸ ਨੂੰ ਦੋਸ਼ੀ ਪਾਇਆ ਗਿਆ ਤੇ ਸਜ਼ਾ ਸੁਣਾਈ ਗਈ ਸੀ।