ਬਿਉਰੋ ਰਿਪੋਰਟ – ਇਟਲੀ ਦੇ ਉੱਤਰੀ ਬੇਰੋਨਾ ਵਿੱਚ ਸਥਾਨਕ ਅਧਿਕਾਰੀਆਂ ਨੇ 33 ਪੰਜਾਬੀ ਮਜ਼ਦੂਰਾਂ ਨੂੰ ਅਜ਼ਾਦ ਕਰਵਾਇਆ ਹੈ। ਇੰਨਾ ਹੀ ਨਹੀਂ, 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਹ ਵੀ ਪੰਜਾਬੀ ਹੀ ਸਨ, ਮੁਲਜ਼ਮਾਂ ਕੋਲੋ 5.45 ਲੱਖ ਯੂਰੋ ਵੀ ਜ਼ਬਤ ਕੀਤੇ ਗਏ ਹਨ। ਘਟਨਾ ਦੀ ਜਾਂਚ ਜੂਨ ਮਹੀਨੇ ਤੋਂ ਸ਼ੁਰੂ ਹੋਈ ਸੀ। ਜੂਨ ਮਹੀਨੇ ਵਿੱਚ ਇੱਕ ਪੰਜਾਬੀ ਦੀ ਦਰਦਨਾਕ ਮੌਤ ਤੋਂ ਬਾਅਦ ਇਟਲੀ ਵਿੱਚ ਮਜ਼ਦੂਰਾਂ ਖ਼ਿਲਾਫ਼ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਸੀ।
ਇਟਲੀ ਵਿੱਚ ਕੰਮ ਕਰਨ ਵਾਲੇ ਸਤਨਾਮ ਸਿੰਘ ਦਾ ਹੱਥ ਫਲ਼ ਤੋੜਨ ਵਾਲੀ ਮਸ਼ੀਨ ਵਿੱਚ ਆ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਸੀ। ਇਹ ਘਟਨਾ ਰੋਮ ਦੇ ਕੋਲ ਲਾਜਿਯੋ ਵਿੱਚ ਸਟਾਬੇਰੀ ਰੈਪਿੰਗ ਮਸ਼ੀਨ ਵਿੱਚ ਹੱਥ ਵੱਢਣ ਨਾਲ ਹੋਈ ਸੀ। ਜਦੋਂ ਪੀੜਤ ਸਤਨਾਮ ਦਾ ਹੱਥ ਵੱਢਿਆ ਗਿਆ ਸੀ ਤਾਂ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਮਾਲਿਕ ਆਪਣੀ ਗੱਡੀ ਵਿੱਚ ਬਿਠਾ ਕੇ ਉਸ ਨੂੰ ਘਰ ਦੇ ਬਾਹਰ ਸੁੱਟ ਕੇ ਚਲਾ ਗਿਆ।
ਹਸਪਤਾਲ ਦੇਰ ਵਿੱਚ ਪਹੁੰਚਣ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ’ਤੇ ਇਟਲੀ ਦੀ ਪ੍ਰਧਾਨ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਨ੍ਹਾਂ ਨੇ ਇਸ ਨੂੰ ਸ਼ਰਮਨਾਕ ਦੱਸਿਆ ਸੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਆਦੇਸ਼ ਦਿੱਤਾ ਸੀ ਜਿਸ ਤੋਂ ਬਾਅਦ ਹੀ ਐਕਸ਼ਨ ਲਿਆ ਗਿਆ ਹੈ।
ਨਾਗਰਿਕਾਂ ਨੂੰ ਵਰਕ ਪਰਮਿਟ ’ਤੇ ਲਿਆਉਂਦੇ ਸੀ ਇਟਲੀ
ਇਟਲੀ ਪੁਲਿਸ ਨੇ ਜਾਂਚ ਤੋਂ ਬਾਅਦ ਦੱਸਿਆ ਹੈ ਕਿ ਮਜ਼ਦੂਰਾਂ ਨੂੰ ਦੇਸ਼ ਵਿੱਚ ਲਿਆਉਣ ਦੇ ਸਰਗਨਾ ਭਾਰਤ ਰਹਿੰਦੇ ਹਨ। ਸੀਜ਼ਨਲ ਵਰਕ ਪਰਮਿਟ ਦੇ ਨਾਲ ਸਾਥੀ ਨਾਗਰਿਕਾਂ ਨੂੰ ਇਟਲੀ ਲੈ ਕੇ ਜਾਂਦੇ ਸੀ। ਹਰ ਮਜ਼ਦੂਰ ਨੂੰ ਹਰ ਮਹੀਨੇ 17,000 ਯੂਰੋ ਦਾ ਭੁਗਤਾਨ ਕੀਤਾ ਜਾਂਦਾ ਸੀ ਅਤੇ ਚੰਗੇ ਭਵਿੱਖ ਦਾ ਵਾਅਦਾ ਕੀਤਾ ਜਾਂਦਾ ਸੀ। ਪਰ ਇੱਥੇ ਆਕੇ ਹਾਲਾਤ ਵੱਖਰੇ ਹੁੰਦੇ ਸਨ।
ਪੁਲਿਸ ਰਿਪੋਰਟ ਦੇ ਮੁਤਾਬਿਕ ਭਾਰਤੀਆਂ ਨੂੰ ਖੇਤ ਵਿੱਚ ਕੰਮ ਦਿੱਤਾ ਜਾਂਦਾ ਸੀ। ਹਫ਼ਤੇ ਵਿੱਚ ਸੱਤੋਂ ਦਿਨ 10 ਤੋਂ 12 ਘੰਟੇ ਤੱਕ ਕੰਮ ਕਰਵਾਇਆ ਜਾਂਦਾ ਸੀ। ਉਨ੍ਹਾਂ ਨੂੰ ਹਰ ਘੰਟੇ 4 ਰੁਪਏ ਯੂਰੋ ਦਾ ਭੁਗਤਾਨ ਕੀਤਾ ਜਾਂਦਾ ਸੀ।
ਪੁਲਿਸ ਨੇ ਦੱਸਿਆ ਹੈ ਕਿ ਕੁਝ ਲੋਕਾਂ ਨੂੰ ਪੱਕੇ ਵਰਕ ਪਰਮਿਟ ਦਾ ਵਾਅਦਾ ਕੀਤਾ ਜਾਂਦਾ ਸੀ। ਇਸ ਦੇ ਲਈ ਵਾਧੂ 13000 ਯੂਰੋ ਵਸੂਲੇ ਜਾਂਦੇ ਸਨ। ਇਹ ਪੂਰੀ ਰਕਮ ਦਾ ਭੁਗਤਾਨ ਹੋਣ ਤੱਕ ਮੁਫ਼ਤ ਵਿੱਚ ਕੰਮ ਕਰਵਾਇਆ ਜਾਂਦਾ ਸੀ। ਜਿਨ੍ਹਾਂ ਏਜੰਟਾਂ ਨੂੰ ਫੜਿਆ ਗਿਆ ਹੈ, ਉਨ੍ਹਾਂ ਖ਼ਿਲਾਫ਼ ਲੇਬਰ ਸ਼ੋਸ਼ਣ ਨਾਲ ਜੁੜਿਆ ਮੁਕਦਮਾ ਚਲਾਇਆ ਜਾਵੇਗਾ। ਜਦਕਿ ਪੀੜਤਾਂ ਨੂੰ ਕੰਮ ਦੇ ਨਾਲ ਲੀਗਲ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਜਾਵੇਗੀ।