ਕਪੂਰਥਲਾ : ਪੰਜਾਬ ਦੇ ਸੁਲਤਾਨਪੁਰ ਲੋਧੀ ਇਲਾਕੇ ‘ਚ ਨਦੀ ‘ਚ ਡੁੱਬ ਰਹੇ ਜਾਨਵਰਾਂ ਨੂੰ ਬਚਾਉਣ ਲਈ ਪਤੀ-ਪਤਨੀ ਨੂੰ ਦਿਆਲਤਾ ਦਿਖਾਉਣੀ ਮਹਿੰਗੀ ਪੈ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿਨ ਵੇਲੇ ਪਤੀ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਦੋ ਜਾਨਵਰਾਂ ਨੂੰ ਬਚਾਇਆ ਤਾਂ ਰਾਤ ਨੂੰ ਪੁਲਿਸ ਉਸ ਦੇ ਘਰ ਪਹੁੰਚ ਗਈ। ਗਰਭਵਤੀ ਪਤਨੀ ਨੇ ਥਾਣਾ ਕਬੀਰਪੁਰ ‘ਤੇ ਬਿਨਾਂ ਕਿਸੇ ਕਸੂਰ ਦੇ ਰਾਤ ਤੋਂ ਸਵੇਰ ਤੱਕ ਥਾਣੇ ‘ਚ ਬੈਠੇ ਰਹਿਣ ਦੇ ਗੰਭੀਰ ਦੋਸ਼ ਲਗਾਏ ਹਨ।
ਜਦਕਿ ਐੱਸ.ਐੱਚ.ਓ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਥਾਣਾ ਇੰਚਾਰਜ ਅਤੇ ਡੀਐਸਪੀ ਦੇ ਬਿਆਨ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ। ਇਸ ਮਾਮਲੇ ‘ਚ ਬਚਣ ਦੇ ਲਈ ਸੁਲਤਾਨਪੁਰ ਲੋਧੀ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਮਾਮਲੇ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।
ਮਹਿਮਤਵਾਲ (ਹੈਦਰਾਬਾਦ ਬੇਟ) ਪਿੰਡ ਗੰਡੀ ਤਰਨਤਾਰਨ ਹਾਲ ਵਾਸੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ 18 ਅਗਸਤ ਨੂੰ ਮੰਡ ਖੇਤਰ ਦੇ ਧੁੱਸੀ ਬੰਨ੍ਹ ਤੋਂ ਲੰਘਦੇ ਸਮੇਂ ਉੱਥੇ ਪਹਿਲਾਂ ਤੋਂ ਮੌਜੂਦ ਇੱਕ ਨੌਜਵਾਨ ਨੇ ਦੱਸਿਆ ਕਿ ਦੋ-ਤਿੰਨ ਪਸ਼ੂ ਦਰਿਆ ਵਿੱਚ ਡੁੱਬ ਰਹੇ ਹਨ। ਇਸ ’ਤੇ ਰਾਜਵਿੰਦਰ ਸਿੰਘ ਨੇ ਗੂੰਗੇ ਪਸ਼ੂਆਂ ਪ੍ਰਤੀ ਤਰਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਬਚਾਉਣ ਦਾ ਫ਼ੈਸਲਾ ਕੀਤਾ। ਕਿਉਂਕਿ ਉਹ ਤੈਰਨਾ ਜਾਣਦਾ ਸੀ। ਇਸ ‘ਤੇ ਰੱਸੀ ਦਾ ਪ੍ਰਬੰਧ ਕਰਕੇ ਇੱਕ ਵੱਛੇ ਅਤੇ ਇੱਕ ਵੱਛੀ ਨੂੰ ਬਚਾ ਕੇ ਬਾਹਰ ਕੱਢ ਲਿਆ ਗਿਆ। ਉਹ ਤੀਜੇ ਜਾਨਵਰ ਨੂੰ ਨਹੀਂ ਬਚਾ ਸਕਿਆ।
ਉਸ ਨੇ ਦੱਸਿਆ ਕਿ ਉਸ ਨੇ ਪਸ਼ੂਆਂ ਨੂੰ ਦੋ-ਤਿੰਨ ਘੰਟੇ ਬੰਨ੍ਹ ’ਤੇ ਬੰਨ੍ਹ ਕੇ ਰੱਖਿਆ, ਤਾਂ ਜੋ ਜਿਸ ਦੇ ਪਸ਼ੂ ਸਨ, ਉਹ ਆ ਕੇ ਉਨ੍ਹਾਂ ਨੂੰ ਲੈ ਜਾਵੇ। ਪਰ ਕੋਈ ਨਹੀਂ ਆਇਆ, ਇਸ ਲਈ ਉਹ ਉਸ ਨੂੰ ਆਪਣੇ ਘਰ ਪਿੰਡ ਹੈਦਰਾਬਾਦ ਬੇਟ ਲੈ ਗਿਆ। ਗਰਭਵਤੀ ਹਰਪ੍ਰੀਤ ਅਨੁਸਾਰ ਰਾਤ ਕਰੀਬ 10 ਵਜੇ ਕੁਝ ਲੋਕ ਆਏ ਅਤੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਸ ਨੇ ਇਕੱਲੀ ਹੋਣ ਕਾਰਨ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ ਤੋਂ ਬਾਅਦ ਇੱਕ ਔਰਤ ਨੇ ਪੁਲਿਸ ਨੂੰ ਬੁਲਾ ਕੇ ਬਿਨਾਂ ਵਜ੍ਹਾ ਮਹਿਲਾ ਪੁਲਿਸ ਦੇ ਸਾਹਮਣੇ ਬਿਠਾ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਘਰ ਆਏ ਪੁਲਿਸ ਮੁਲਾਜ਼ਮਾਂ ਨੇ ਵੀ ਸ਼ਰਾਬ ਪੀਤੀ ਹੋਈ ਸੀ।
ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਬਿਨਾਂ ਕਿਸੇ ਕਸੂਰ ਤੋਂ ਉਸ ਨੂੰ ਥਾਣੇ ਲਿਜਾ ਕੇ ਜ਼ਲੀਲ ਕੀਤਾ ਗਿਆ। ਜਿਸ ਕਾਰਨ ਉਹ ਬਹੁਤ ਦੁਖੀ ਹੈ। ਉਹ ਕਹਿ ਰਹੀ ਹੈ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗੀ। ਜੇਕਰ ਉਸ ਦੀ ਪਤਨੀ ਅਜਿਹਾ ਕਰਦੀ ਹੈ ਤਾਂ ਉਹ ਵੀ ਖ਼ੁਦਕੁਸ਼ੀ ਕਰ ਲਵੇਗਾ।
ਜਿਸ ਦੀ ਸਾਰੀ ਜ਼ਿੰਮੇਵਾਰੀ ਥਾਣਾ ਕਬੀਰਪੁਰ ਦੀ ਹੋਵੇਗੀ। ਥਾਣਾ ਕਬੀਰਪੁਰ ਦੇ ਐੱਸ ਐੱਚ ਓ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਗਰਭਵਤੀ ਔਰਤ ਨੂੰ ਥਾਣੇ ਨਹੀਂ ਲੈ ਕੇ ਆਈ। ਸਰਪੰਚ ਔਰਤ ਦੇ ਨਾਲ ਆਇਆ ਸੀ ਅਤੇ ਉਸੇ ਸਮੇਂ ਉਸ ਨੂੰ ਵਾਪਸ ਭੇਜ ਦਿੱਤਾ। ਗਰਭਵਤੀ ਔਰਤ ਦੇ ਦੋਸ਼ ਬੇਬੁਨਿਆਦ ਹਨ। ਉਸ ਨੇ ਦੱਸਿਆ ਕਿ ਲੋਕ ਪਸ਼ੂਆਂ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਲੈ ਕੇ ਥਾਣੇ ਆਏ ਸਨ ਪਰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਅਤੇ ਨਾ ਹੀ ਚੋਰੀ ਸਬੰਧੀ ਕੋਈ ਸ਼ਿਕਾਇਤ ਆਈ ਹੈ।
ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਪਸ਼ੂ ਚੋਰੀ ਦੀ ਸ਼ਿਕਾਇਤ ਪੁਲੀਸ ਕੋਲ ਆਈ ਹੈ। ਸ਼ਿਕਾਇਤ ਵਿੱਚ ਰਾਜਵਿੰਦਰ ਸਿੰਘ ’ਤੇ ਪਸ਼ੂਆਂ ਨੂੰ ਭਜਾ ਕੇ ਲਿਜਾਣ ਦਾ ਦੋਸ਼ ਲਾਇਆ ਗਿਆ ਹੈ। ਜੇਕਰ ਉਸ ਨੇ ਜਾਨਵਰਾਂ ਨੂੰ ਬਚਾਇਆ ਸੀ ਤਾਂ ਉਸ ਨੇ ਪੁਲਸ ਨੂੰ ਸੂਚਨਾ ਕਿਉਂ ਨਹੀਂ ਦਿੱਤੀ। ਮਾਮਲੇ ‘ਚ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ। ਗਰਭਵਤੀ ਔਰਤ ਨੂੰ ਥਾਣੇ ਭੇਜਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਉਹ ਇਸ ਦੀ ਜਾਂਚ ਕਰਕੇ ਕਾਰਵਾਈ ਕਰਨਗੇ।