‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਿੰਦੀ ਦੇ ਰਾਸ਼ਟਰੀ ਅਖਬਾਰ ਦੈਨਿਕ ਭਾਸਕਰ ਉੱਤੇ ਸੀਬੀਡੀਟੀ ਦਾ ਛਾਪਾ ਪੈਣ ਨਾਲ ਮੀਡੀਆ ਖੇਤਰ ਵਿੱਚ ਸਨਸਨੀ ਫੈਲ ਗਈ ਹੈ। ਸੀਬੀਡੀਟੀ ਦੀ ਬੁਲਾਰੀ ਸੁਰਭੀ ਆਹਲੁਵਾਲੀਆ ਨੇ ਕਿਹਾ ਕਿ ਦੈਨਿਕ ਭਾਸਕਰ ਦੇ ਦਫਤਰਾਂ ਉੱਤੇ ਇਹ ਕਾਰਵਾਈਆਂ ਜਾਰੀ ਹਨ। ਇਹ ਅਪ੍ਰੇਸ਼ਨ ਕਿਸ ਲਈ ਹੈ, ਇਸਦੀ ਹਾਲੇ ਜਾਣਕਾਰੀ ਨਹੀਂ ਦੇ ਸਕਦੇ।
ਇੱਥੇ ਦੱਸ ਦਈਏ ਕਿ ਦੈਨਿਕ ਭਾਸਕਰ ਨੇ ਕੋਵਿਡ ਮਹਾਂਮਾਰੀ ਦੌਰਾਨ ਵੀ ਕਈ ਖੋਜ ਵਾਲੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਸਨ ਤੇ ਸਰਕਾਰ ਦੇ ਕੋਵਿਡ ਪ੍ਰਬੰਧਨ ਉੱਤੇ ਸਵਾਲ ਵੀ ਚੁੱਕੇ ਸਨ। ਇਸਦੇ ਨਾਲ ਹੀ ਤਾਜਾ ਮਾਮਲਾ ਦੇਖੀਏ ਤਾਂ ਭਾਸਕਰ ਨੇ ਪੈਗਾਸਸ ਦੀ ਜਾਸੂਸੀ ਵਾਲੀ ਰਿਪੋਰਟ ਨੂੰ ਵੀ ਪਹਿਲੇ ਪੰਨੇ ਉੱਤੇ ਛਾਪਿਆ ਸੀ, ਜਿਸਦਾ ਸਿੱਧਾ ਸਰੋਕਾਰ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਨਾਲ ਜੋੜ ਰਹੀਆਂ ਹਨ।

ਵਿਰੋਧੀ ਧਿਰਾਂ ਇਸ ਛਾਪੇਮਾਰੀ ਨੂੰ ਵੀ ਮੀਡੀਆ ਉੱਤੇ ਹਮਲਾ ਦੱਸ ਰਹੀਆਂ ਹਨ ਤੇ ਇਸਦੀ ਨਿਖੇਧੀ ਕੀਤੀ ਜਾ ਰਹੀ ਹੈ।ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਸੱਤਾਧਿਰ ਹਮਲਾਵਰ ਹੋ ਗਿਆ ਹੈ।

ਕਾਂਗਰਸ ਦੇ ਲੀਡਰ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਟਵੀਟ ਕੀਤਾ ਹੈ ਕਿ ਮੋਦੀ ਸਰਕਾਰ ਲੋਕਤੰਤਰ ਦੇ ਚੌਥੇ ਖੰਭੇ ਨੂੰ ਦਬਾਊਣ ਦਾ, ਸੱਚ ਨੂੰ ਰੋਕਣ ਦਾ ਕੰਮ ਸ਼ੁਰੂ ਕਰ ਰਹੀ ਹੈ।ਪੈਗਾਸਸ ਜਾਸੂਸੀ ਮਾਮਲੇ ਵਿਚ ਵੀ ਕਈ ਮੀਡੀਆ ਅਦਾਰੇ ਤੇ ਉਸ ਨਾਲ ਜੁੜੇ ਲੋਕ ਵੀ ਵੱਡੀ ਸੰਖਿਆ ਵਿਚ ਨਿਸ਼ਾਨੇ ‘ਤੇ ਰਹੇ ਹਨ ਤੇ ਹੁਣ ਸਰਕਾਰ ਦੀ ਨਿਰੰਤਰ ਪੋਲ ਖੋਲ੍ਹ ਰਹੇ ਹਨ।

ਸੱਚ ਨੂੰ ਦੇਸ਼ ਭਰ ਵਿਚ ਬਿਨਾਂ ਡਰ ਉਜਾਗਰ ਕਰਨ ਵਾਲੇ ਦੈਨਿਕ ਮੀਡੀਆ ਗਰੁੱਪ ਨੂੰ ਦਬਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਲਈ, ਸੱਚ ਨੂੰ ਸਾਹਮਣੇ ਆਉਣ ਤੋਂ ਰੋਕਣ ਲ਼ਈ, ਆਈਟੀ ਤੇ ਹੋਰ ਏਜੰਸੀਆਂ ਦੀ ਗਲਤ ਵਰਤੋਂ ਇਹ ਸਰਕਾਰ ਸ਼ੁਰੂ ਤੋਂ ਹੀ ਕਰ ਰਹੀ ਹੈ।ਇਹ ਕੰਮ ਅੱਜ ਵੀ ਜਾਰੀ ਹੈ। ਪਰ ਧਿਆਨ ਰੱਖੋ ਸੱਚ ਪਰੇਸ਼ਾਨ ਹੋ ਸਕਦਾ ਹੈ ਪਰ ਹਾਰ ਨਹੀਂ ਸਕਦਾ।
ਕਾਂਗਰਸ ਦੇ ਲੀਡਰ ਦਿਗਵਿਜੇ ਸਿੰਘ ਨੇ ਵੀ ਸਰਕਾਰ ਦੀ ਇਸ ਛਾਪਾਮਾਰੀ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਟਵੀਟ ਕੀਤਾ ਹੈ ਤੇ ਇਸਨੂੰ ਪੱਤਰਕਾਰਤਾ ਉੱਤੇ ਮੋਦੀਸ਼ਾਹ ਦਾ ਹਮਲਾ ਦੱਸਿਆ ਹੈ। ਉਨ੍ਹਾਂ ਲਿਖਿਆ ਹੈ ਕਿ ਮੋਦੀਸ਼ਾਹ ਦਾ ਇਕ ਹਥਿਆਰ ਆਈਟੀ, ਈਡੀ ਤੇ ਸੀਬੀਆਈ ਹੈ। ਉਨ੍ਹਾਂ ਲਿਖਿਆ ਕਿ ਮੈਨੂੰ ਵਿਸ਼ਵਾਸ ਹੈ ਕਿ ਅਗਰਵਾਲ ਭਰਾ ਡਰਨਗੇ ਨਹੀਂ।

ਦਿੱਲੀ ਦੇ ਮੁੱਖਮੰਤਰੀ ਨੇ ਟਵੀਟ ਕੀਤਾ ਹੈ ਕਿ ਦੈਨਿਕ ਭਾਸਕਰ ਤੇ ਭਾਰਤ ਸਮਾਚਾਰ ਉੱਤੇ ਆਮਦਨ ਕਰ ਦੇ ਛਾਪੇ ਮੀਡੀਆ ਨੂੰ ਡਰਾਉਣ ਦਾ ਕੰਮ ਹੈ। ਉਨ੍ਹਾਂ ਦਾ ਸੰਦੇਸ਼ ਸਾਫ ਹੈ ਕਿ-ਜੋ ਭਾਜਪਾ ਸਰਕਾਰ ਦੇ ਖਿਲਾਫ ਬੋਲੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਬੇਹੱਦ ਖਤਰਨਾਕ ਸੋਚ ਹੈ। ਸਾਰਿਆਂ ਨੂੰ ਇਸਦੇ ਖਿਲਾਫ ਆਵਾਜ ਚੁੱਕਣੀ ਚਾਹੀਦੀ ਹੈ।

ਇਸੇ ਮਾਮਲੇ ਉੱਤੇ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ ਵੀ ਟਵੀਟ ਕੀਤਾ ਹੈ ਉਨ੍ਹਾਂ ਲਿਖਿਆ ਹੈ ਕਿ ਦੈਨਿਕ ਭਾਸਕਰ ਅਖਬਾਰ ਤੇ ਭਾਰਤ ਸਮਾਚਾਰ ਨਿਊਜ਼ ਚੈਨਲਾਂ ਦੇ ਦਫਤਰਾਂ ਉੱਤੇ ਆਮਦਨ ਕਰ ਦੇ ਛਾਪੇ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਮੋਦੀ ਸਰਕਾਰ ਆਪਣੀ ਮਾੜੀ ਜਿੰਨੀ ਵੀ ਅਲੋਚਨਾ ਸਹਿ ਨਹੀਂ ਸਕਦੀ। ਇਹ ਭਾਜਪਾ ਦੀ ਭਾਸੀਵਾਦੀ ਮਾਨਸਿਕਤਾ ਹੈ ਜੋ ਲੋਕਤੰਤਰ ਵਿੱਚ ਸੱਚਾਈ ਦਾ ਸ਼ੀਸ਼ਾ ਦੇਖਣਾ ਪਸੰਦ ਨਹੀਂ ਕਰਦੀ ਹੈ। ਇਹੋ ਜਿਹੀਆਂ ਕਾਰਵਾਈਆਂ ਕਰਕੇ ਸਰਕਾਰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਜੋ ਗੋਦੀ ਮੀਡੀਆ ਨਹੀਂ ਬਣੇਗਾ ਉਸਨੂੰ ਕੁਚਲ ਦਿੱਤਾ ਜਾਵੇਗਾ।

ਇਨ੍ਹਾਂ ਛਾਪਿਆਂ ਨਾਲ ਸਰਕਾਰ ਦਾ ਕੋਈ ਲੈਣ ਦੇਣ ਨਹੀਂ-ਅਨੁਰਾਗ ਠਾਕੁਰ

ਇਸ ਮਾਮਲੇ ਉੱਤੇ ਸਰਕਾਰ ਦੀ ਤਰਫੋਂ ਆਪਣੀ ਪ੍ਰਤਿਕਿਰਿਆ ਜਾਹਿਰ ਕਰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਸਰਕਾਰ ਦਾ ਇਨ੍ਹਾਂ ਛਾਪਿਆਂ ਨਾਲ ਕੋਈ ਲੈਣ ਦੇਣ ਨਹੀਂ ਹੈ।ਇਕ ਪ੍ਰੈਸ ਬ੍ਰੀਫਿੰਗ ਵਿਚ ਉਨ੍ਹਾਂ ਕਿਹਾ ਕਿ ਏਜੰਸੀਆਂ ਆਪਣਾ ਕੰਮ ਕਰਦੀਆਂ ਹਨ, ਅਸੀਂ ਉਨ੍ਹਾਂ ਦੇ ਕੰਮ ਵਿਚ ਦਖਲ ਨਹੀਂ ਦਿੰਦੇ।
ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਮੈਂ ਸਚੇਤ ਕਰਨਾ ਚਾਹੁੰਦਾ ਹਾਂ ਕਿ ਕਿਸੇ ਵੀ ਘਟਨਾ ਦੀ ਰਿਪੋਰਟ ਦਿੰਦਿਆਂ ਤੱਥ ਜਰੂਰ ਹਾਸਿਲ ਕਰਨੇ ਚਾਹੀਦੇ ਹਨ। ਕਈ ਵਾਰ ਜਾਣਕਾਰੀ ਦੀ ਕਮੀ ਨਾਲ ਭਰਮ ਪੈਦਾ ਕਰਨ ਵਾਲੀਆਂ ਗੱਲਾਂ ਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਨੇ ਅੱਜ ਸਵੇਰੇ ਦੈਨਿਕ ਭਾਸਕਰ ਸਮੂਹ ਦੇ ਕਈ ਦਫਤਰਾਂ ਵਿਚ ਛਾਪਾ ਮਾਰਿਆ ਹੈ ਤੇ ਵੱਖ ਵੱਖ ਸੂਬਿਆਂ ਵਿਚ ਜਾਣ ਦੇ ਨਾਲ ਇਹ ਟੀਮਾਂ ਪ੍ਰਬੰਧਕਾਂ ਦੇ ਘਰਾਂ ਵਿਚ ਵੀ ਗਈਆਂ ਹਨ।
ਉੱਤਰ ਪ੍ਰਦੇਸ਼ ਤੋਂ ਚਲਾਏ ਜਾਂਦੇ ਸਮਾਚਾਰ ਚੈਨਲ ਭਾਰਤ ਸਮਾਚਾਰ ਦੇ ਦਫਤਰ ਤੇ ਸੰਪਾਦਕ ਬ੍ਰਜੇਸ਼ ਮਿਸ਼ਰਾ ਦੇ ਘਰ ਵੀ ਇਨਕਮ ਟੈਕਸ ਨੇ ਛਾਪਾ ਮਾਰਿਆ ਹੈ। ਪਰ ਭਾਰਤ ਸਮਾਚਾਰ ਨੇ ਰਿਪੋਰਟ ਦਿੱਤੀ ਹੈ ਕਿ ਇਨਕਮ ਟੈਕਸ ਦੇ ਕਈ ਦਲ ਅਦਾਰੇ ਤੇ ਉਨ੍ਹਾਂ ਦੇ ਕਰਮਚਾਰੀਆਂ ਦੇ ਠਿਕਾਣਿਆਂ ਉੱਤੇ ਵੀ ਛਾਪੇ ਮਾਰ ਰਹੇ ਹਨ।
Comments are closed.