Punjab

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋ ਜਲੰਧਰ ਸੀਟ ਤੋਂ ਚੋਣ ਨਿਸ਼ਾਨ ਵਾਪਸ ਮੰਗਣਾ ਮੰਦਭਾਗਾ : ਚਰਨਜੀਤ ਸਿੰਘ ਬਰਾੜ

ਮੁਹਾਲੀ : ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ਜਲੰਧਰ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਸੁਰਜੀਤ ਕੌਰ ਤੋਂ ਅਕਾਲੀ ਦਲ ਨੇ ਖੁਦ ਨੂੰ ਵੱਖ ਕਰ ਲਿਆ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋ ਜਲੰਧਰ ਸੀਟ ਤੋਂ ਚੋਣ ਨਿਸ਼ਾਨ ਵਾਪਸ ਮੰਗਣੇ ਨੂੰ ਲੈ ਕੇ ਚਰਨਜੀਤ ਸਿੰਘ ਬਰਾੜ ਨੇ ਮੰਦਭਾਗਾ ਕਰਾਰ ਦਿੱਤਾ ਹੈ।

ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਕੀਤੀ ਮੰਗ

ਬਰਾੜ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਜਲੰਧਰ ਵਿੱਚ ਲੋਕਲ ਜਲੰਧਰ ਜਥੇਬੰਦੀ ਵੱਲੋਂ ਝੂਠੇ ਦਸਤਖਤ ਕਰਕੇ ਕਾਗਜ਼ ਵਾਪਸ ਲੈਣ ਲਈ ਜਾਂ ਚੋਣ ਨਿਸ਼ਾਨ ਵਾਪਸ ਲੈਣ ਲਈ ਯੋਜਨਾ ਬਣਾਈ ਗਈ ਇਹ ਸਾਰਾ ਕੁਝ ਜਲੰਧਰ ਦੇ ਲੋਕਾਂ ਦੇ ਸਾਹਮਣੇ ਹੈ।

ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਕਮਜ਼ੋਰ ਕਰਨ ਕਰਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਜਿਹੇ ਵਰਤਾਰੇ ਕਰਕੇ ਅਸਤੀਫਾ ਦੇਣਾ ਚਾਹੀਦਾ ਹੈ। ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਧੜਾ ਜਿਸਦੀ ਅਗਵਾਈ ਗੁਰਪ੍ਰਤਾਪ ਸਿੰਘ ਬਡਾਲਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬੀ ਜਗੀਰ ਕੌਰ ਅਤੇ ਹੋਰ ਆਗੂ ਜੋ ਕਿ ਅਕਾਲੀ ਦਲ ਦੀ ਪ੍ਰਧਾਨਗੀ ਲਈ ਚੋਣਾਂ ਲੜਨਗੇ।

ਜਲੰਧਰ ਪੱਛਮੀ ਤੋਂ ਉਮੀਦਵਾਰ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈਣ ਦਾ ਕੀਤਾ ਸੀ ਐਲਾਨ

ਦੱਸ ਦਈਏ ਕਿ ਲੰਘੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਪੱਛਮੀ ਤੋਂ ਉਮੀਦਵਾਰ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੀ। ਅਕਾਲੀ ਦਲ ਨੇ ਪਹਿਲਾਂ ਸੁਰਜੀਤ ਕੌਰ ਨੂੰ ਉਮੀਦਵਾਰ ਐਲਾਨਿਆਂ ਸੀ, ਪਰ ਕੱਲ੍ਹ ਹੋਈ ‘ਬਗਾਵਤ’ ਤੋਂ ਬਾਅਦ ਹਮਾਇਤ ਵਾਪਸ ਲੈ ਲਈ ਗਈ ਸੀ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਰਜਨਾਂ ਸੀਨੀਅਰ ਆਗੂਆਂ ਨੇ ਜਲੰਧਰ ਵਿਚ ਮੀਟਿੰਗ ਕਰ ਕੇ ਲੋਕ ਸਭਾ ਚੋਣਾਂ ’ਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੇ ਹਵਾਲੇ ਨਾਲ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਮੰਗ ਲਿਆ ਸੀ। ਪਾਰਟੀ ਦੇ ਇੱਕ ਵੱਡੇ ਧੜੇ ਨੇ ਬਗ਼ਾਵਤ ਕਰਦਿਆਂ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣ। ਇਸ ਤੋਂ ਬਾਅਦ ਪਾਰਟੀ ਵਿਚ ਧੜੇਬੰਦੀ ਵਧ ਗਈ ਹੈ।